copyright reserved shabadm 2020. Powered by Blogger.

Saturday, January 17, 2009

ਨਜ਼ਮ

ਤੂੰ ਮੇਰੇ ਹਾਸੇ ਤੇ ਨਾ ਜਾਵੀਂ
-----
ਤੂੰ ਮੇਰੇ ਹਾਸੇ ਤੇ ਨਾ ਜਾਵੀਂ
ਤੂੰ ਮੇਰੇ ਹਾਸੇ ਤੇ ਨਾ ਜਾ
ਤੇ ਮੇਰੇ ਸਾਹਾਂ ਦੀ ਖੋਜ ਕਰ
ਕਿਵੇਂ ਆਉਂਦਾ ਹੈ
ਦਮ ਘੁੱਟਦੇ ਸਮਾਜ ਦੀਆਂ
ਕੁਰੀਤੀਆਂ ਚੋਂ ਲੰਘ ਕੇ
ਪਹਿਲੇ ਤੋਂ ਬਾਅਦ ਦੂਜਾ
ਤੂੰ ਮੇਰੇ ਹੱਸਦੇ ਦੰਦਾਂ ਨੂੰ ਛੱਡ ਪਰ੍ਹੇ
ਤੇ ਮੇਰੀ ਹਿੱਕ ਨੂੰ ਚੀਰ ਕੇ ਵੇਖ
ਕਿਵੇਂ ਤੜਫਦਾ ਹੈ
ਕੁਝ ਕਹਿ ਨਾ ਸਕਦਾ ਦਿਲ ਮੇਰਾ
ਤੇ ਇਹਦੇ ਚੋਂ ਸਿੰਮਦੀ ਹੈ
ਕਦੇ ਕਦੇ ਕਵਿਤਾ ਮੇਰੀ
ਤੂੰ ਮੇਰੇ ਬੁੱਲਾਂ ਚੋਂ ਕਿਰਦੇ
ਲਫ਼ਜਾਂ ਦੀ ਪਛਾਣ ਕਰ
ਇਹ ਸਾਰੇ
ਸੁੱਖ ਸਵੀਲਾ ਹੋਣ ਦਾ
ਵਿਸਥਾਰ ਨਹੀਂ ਹੁੰਦੇ
ਤੂੰ ਇਨ੍ਹਾਂ ਬਰੀਕੀਆਂ ਨੂੰ ਫੜਿਆ ਕਰ
ਇਨ੍ਹਾਂ ਵਿਚ
ਮੇਰੀਆਂ ਹਿੱਚਕੀਆਂ ਵੀ ਹੋਣਗੀਆਂ
ਤੂੰ ਮੇਰੇ ਹੱਸਦੇ ਚਹਿਰੇ ਤੇ ਨਾ ਜਾ
ਮੇਰੇ ਵਜੂਦ ਗਹੁ ਨਾਲ ਵੇਖ
ਕਿਵੇਂ ਵਿੰਨਿਆਂ ਪਿਆ ਹੈ
ਰਿਸ਼ਤੇਦਾਰ ਕਹਾਉਂਦੇ ਦੁਸ਼ਮਣਾਂ ਹੱਥੋਂ
ਤੇ ਮੇਰੇ ਜ਼ਖਮਾਂ ਚੋਂ
ਤਿਪ ਤਿਪ ਚੋਈ ਜਾਂਦੇ ਨੇ ਮੇਰੀ ਉਮਰ ਦੇ ਸਾਲ
ਤੁੰ ਮੇਰੇ ਹੱਸਦੇ ਚਹਿਰੇ ਨੂੰ ਛੱਡ ਪਰ੍ਹਾਂ
ਮੈਂ ਤਾਂ ਸਮਾਜ ਨਾਂ ਦੇ
ਕੋਹਲੂ ਨਾਲ ਜੁੜਿਆਂ ਬਲਦ ਹਾਂ
ਤੇ ਆਪਣੇ ਬੇਗਾਨਿਆਂ ਰਲ਼ ਕੇ
ਪਿੰਡੇ ਤੇ ਪਾਈਆਂ ਲਾਸ਼ਾਂ ਦੀ
ਹਰ ਕਦਮ ਤੇ
ਭੁੱਲ ਜਾਂਦਾ ਹਾਂ ਗਿਣਤੀ
ਪਰ ਤੂੰ ਮੇਰੇ ਹਾਲ ਤੇ
ਹਾਸਾ ਨਾ ਪਾਵੀਂ
ਮੈਂ ਕਿਹੜਾ ਤੈਥੋਂ
ਟਿਕਟ ਦੇ ਪੈਸੇ ਮੰਗੇ ਨੇ
ਸਿਨੇਮੇ ਤਾਂ ਤੇਰਾ ਖਰਚ ਹੋਣਾ ਸੀ
ਬੋਰ ਹੀ ਸਹੀ
ਮੇਰੀ ਵੀ ਮੁਫ਼ਤੋ ਮੁਫ਼ਤੀ ਕਹਾਣੀ ਸੁਣ ।
ਮਨਜੀਤ ਸੋਹਲ

0 comments: