copyright reserved shabadm 2020. Powered by Blogger.

ਸ਼ਬਦ ਮੰਡਲ ਤੇ ਤੁਹਾਡਾ ਸਵਾਗਤ ਏ

ਨਵੇਂ ਪੰਜਾਬੀ ਰਚਨਾਕਾਰ ਆਪਣੀਆਂ ਰਚਨਾਵਾਂ ਸਾਨੂੰ ਘੱਲ ਸਕਦੇ ਨੇ। ਰਚਨਾਵਾਂ ਤੋਂ ਇਲਾਵਾ ਕਿਸੇ ਵੀ ਸਾਹਿਤਕ ਮੁੱਦੇ ਤੇ ਆਪਣੇ ਵਿਚਾਰ ਘੱਟੋ ਘੱਟ 500 ਸ਼ਬਦਾਂ ਵਿੱਚ ਭੇਜੋ।.

ਨਵੇਂ ਲੇਖਕਾਂ ਲਈ...

ਨਵੇਂ ਲੇਖਕ ਪੁਸਤਕ ਛਪਵਾਉਣ ਲਈ ਵੀ ਸ਼ਬਦ ਮੰਡਲ ਕੋਲੋਂ ਮਦਦ ਲੈ ਸਕਦੇ ਨੇ। ਪੁਸਤਕ ਬਾਰੇ ਸੰਖੇਪ ਜਾਣਕਾਰੀ ਈਮੇਲ ਕਰੋ, ਜਿੰਨੀ ਜਲਦੀ ਸੰਭਵ ਹੋ ਸਕਿਆ ਸਾਡੀ ਟੀਮ ਤੁਹਾਡੇ ਨਾਲ ਸੰਪਰਕ ਕਰੇਗੀ.

ਪੰਜਾਬੀ ਦੀ ਉਸਾਰੀ ਲਈ...

ਸ਼ਬਦ ਮੰਡਲ ਪੰਜਾਬੀ ਸਾਹਿਤ ਅਤੇ ਪੰਜਾਬੀਅਤ ਲਈ ਵਚਨਬੱਧ ਹੈ। ਆਪਣੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਵੱਧ ਤੋਂ ਵੱਧ ਸੱਜਣ ਏਸ ਬਲੌਗ ਨਾਲ ਜੁੜਨ ਅਤੇ ਹੋਰਨਾਂ ਨੂੰ ਵੀ ਏਸ ਨਾਲ ਜੋੜਨ...

ਕੋਈ ਰਾਜਨੀਤੀ ਨਹੀ...

ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਕਿਸੇ ਵੀ ਤਰ੍ਹਾਂ ਦੀ ਰਾਜਨੀਤਕ ਸੋਚ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ। ਅਸੀਂ ਕੇਵਲ ਮਾਤ ਭਾਸ਼ਾ ਦੇ ਹੱਕ ਵਿੱਚ ਗੱਲ ਕਰਨ ਲਈ ਵਚਨਬੱਧ ਹਾਂ....

ਦੂਜੀਆਂ ਭਾਸ਼ਾਵਾਂ ਦਾ ਵਿਰੋਧ ਨਹੀਂ...

ਅਸੀਂ ਦੂਜੀਆਂ ਭਾਸ਼ਾਵਾਂ ਦੀ ਵੀ ਪੂਰੀ ਕਦਰ ਕਰਦੇ ਹਾਂ। ਸਾਡਾ ਕਿਸੇ ਵੀ ਦੂਜੀ ਭਾਸ਼ਾ ਨਾਲ ਵਿਰੋਧ ਨਹੀਂ ਹੈ। ਸਾਡੇ ਉਦੇਸ਼ ਮਾਤ ਭਾਸ਼ਾ ਦੀ ਬੇਹਤਰੀ ਲਈ ਕੰਮ ਕਰਨਾ ਹੈ....

Wednesday, May 29, 2013

ਮਲੂਕਾ ਦੀ ਨੂੰਹ ਕੋਲੋਂ ਤਾਂ ਅਸਤੀਫਾ ਲੈ ਲੈਣਾ ਚਾਹੀਦੈ

ਕਿਤਾਬ ਘੋਟਾਲੇ ਚ ਘਿਰੇ ਪੰਜਾਬ ਦੇ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਸਰਵ ਸਿੱਖਿਆ ਮੁਹਿੰਮ ਚ ਐਡੀਸ਼ਨਲ ਪ੍ਰਾਜੈਕਟ ਡਾਇਰੈਕਟਰ ਦੇ ਅਹੁਦੇ ਤੇ ਤਾਇਨਾਤ ਹੈ। ਹੱਦ ਇਹ ਹੈ ਕਿ ਉਹਦਾ ਮੁਲ ਕੈਡਰ ਪੰਚਹਇਤੀ ਵਿਭਾਗ ਹੈ। ਮਲੂਕਾ ਸਾਹਿਬ ਜਦੋਂ ਸੱਖਿਆ ਮੰਤਰੀ ਬਣੇ ਤਾਂ ਉਹਨਾਂ ਨੇ ਆਪਣੀ ਨੂੰਹ ਨੂੰ ਡੈਪੂਟੇਸ਼ਨ ਤੇ ਉਹਨੂੰ ਸਰਵ ਸਿੱਖਿਆ ਮੁਹਿੰਮ ਚ ਐਡੀਸ਼ਨਲ ਪ੍ਰੋਜੈਕਟ ਡਾਇਰੈਕਟਰ ਲਾ ਦਿੱਤਾ। ਹੱਦ ਹੈ ਇਹ ਤਾਂ। ਬਾਦਲ ਸਰਕਾਰ ਚ ਮੰਤਰੀ ਬਣਦੇ ਹੀ ਮਲੂਕਾ ਨੇ ਆਪਣੀ ਨੂੰਹ ਨੂੰ ਡੀ. ਜੀ. ਐਸ. ਈ. ਦੇ ਦਫਤਰ ਚ ਐਡੀਸ਼ਨਲ ਸਟੇਟ ਪ੍ਰਾਜੈਕਟ ਡਾਇਰੈਕਟਰ ਦੇ ਅਹੁਦੇ ਤੇ ਡੈਪੂਟੇਸ਼ਨ 'ਤੇ ਨਿਯੁਕਤ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਉਹ ਪੰਚਾਇਤ ਵਿਭਾਗ 'ਚ ਜ਼ਿਲਾ ਪੰਚਾਇਤ ਅਤੇ ਵਿਕਾਸ ਅਧਿਕਾਰੀ ਦੇ ਅਹੁਦੇ 'ਤੇ ਤਾਇਨਾਤ ਸੀ।
ਹੁਣ ਮੁੱਖ ਮੰਤਰੀ ਬਾਦਲ ਨੇ ਪਰਮਪਾਲ ਕੌਰ ਨੂੰ ਪੰਚਾਇਤੀ ਵਿਭਾਗ ਚ ਵਾਪਸ ਬੁਲਾਉਣ ਲਈ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸੁਰਜੀਤ ਸਿੰਘ ਰੱਖੜਾ ਨੂੰ ਨਿਰਦੇਸ਼ ਦੇ ਦਿੱਤੇ ਹਨ।
ਇਸ ਕੋਲੋਂ ਤਾਂ ਅਸਤੀਫਾ ਲੈ ਲੈਣਾ ਚਾਹੀਦੈ। ਬੱਚਿਆਂ ਦੀ ਭਵਿੱਖ ਨਾਲ ਖੇਡਣ ਵਗਗੇ ਕਾਰਿਆਂ ਨੂੰ ਬਿਨਾਂ ਕੁਝ ਸੋਚੇ ਸਮਝੇ ਅੰਜਾਮ ਦੇਣ ਵਾਲਿਆਂ ਨੂੰ ਤਾਂ ਨੌਕਰੀ ਕਰਨ ਦਾ ਹੱਕ ਈ ਨਹੀਂ ਹੋਣਾ ਚਾਹੀਦਾ। ਪਰ ਅਫਸੋਸ ਕਿ ਲੋਕ ਵੀ ਕੁਝ ਦਿਨ ਰੌਲਾ ਪਾ ਕੇ ਚੁੱਪ ਕਰਕੇ ਬਹਿ ਜਾਣਗੇ। ਸਾਡੀਆਂ ਸਰਕਾਰਾਂ, ਮੰਤਰੀ ਸ਼ਰੇਆਮ ਆਮ ਜਨਤਾ ਨਾਲ ਧੱਕਾ ਕਰੀ ਜਾਂਦੇ ਨੇ, ਪਰ ਅਸੀਂ ਅੱਖਾਂ ਬੰਦ ਕਰਕੇ ਵੇਖਣ ਤੋਂ ਸਿਵਾਏ ਕੁਝ ਵੀ ਨਹੀਂ ਕਰ ਪਾਉਂਦੇ। ਕਿੰਨੀ ਹਾਸੋਹੀਣੀ ਹੋ ਗਈ ਹੈ ਸਾਡੀ ਸਥਿਤੀ !

ਮੁੱਦਾ : ਕਿਤਾਬ ਘੋਟਾਲਾ | ਬੱਚਿਆਂ ਦੀਆਂ ਕਿਤਾਬਾਂ ਚ ਲੱਚਰਤਾ

ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਸਪਲਾਈ ਕੀਤੀਆਂ ਵਿਵਾਦਿਤ ਕਿਤਾਬਾਂ ਦਾ ਮਾਮਲਾ ਹੋਰ ਵੀ ਗੰਭੀਰ ਹੁੰਦਾ ਜਾ ਰਿਹਾ ਹੈ, ਜਿਸ ਨੂੰ ਸੁਲਝਾਉਣ ਲਈ ਨਾ ਤਾਂ ਪੰਜਾਬ ਸਰਕਾਰ ਅਤੇ ਨਾ ਹੀ ਸਿੱਖਿਆ ਮੰਤਰੀ ਜ਼ਿੰਮੇਵਾਰੀ ਨਾਲ ਕੰਮ ਕਰ ਰਹੇ ਹਨ। ਇਸ ਲਈ ਇਹ ਮਾਮਲਾ ਚੋਣਾਂ ਵਾਲਾ ਸਾਲ ਹੋਣ ਕਾਰਨ ਹੋਰ ਵਧਣ ਦੇ ਆਸਾਰ ਬਣੇ ਹੋਏ ਹਨ। ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਇਸ ਮਾਮਲੇ ਨੂੰ ਲੈ ਕੇ ਫਸੇ ਹੋਏ ਤਾਂ ਮਹਿਸੂਸ ਕਰ ਰਹੇ ਹਨ ਪਰ ਉਹ ਮਾਮਲੇ ਦਾ ਸਹੀ ਹੱਲ ਲੱਭਣ ਲਈ ਟੇਢੇ ਰਾਹ 'ਤੇ ਚੱਲ ਰਹੇ ਹਨ। ਉਹ ਆਪਣਾ ਜ਼ਿਆਦਾ ਗੁੱਸਾ ਭਾਸ਼ਾ ਵਿਭਾਗ ਦੇ ਅਧਿਕਾਰੀਆਂ 'ਤੇ ਹੀ ਲਾਹ ਰਹੇ ਹਨ, ਪਰ ਸਿੱਖਿਆ ਵਿਭਾਗ ਦੀਆਂ ਟੈਂਡਰ ਅਤੇ ਖਰੀਦ ਕਮੇਟੀ ਨੂੰ ਬਚਾਇਆ ਜਾ ਰਿਹਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਸ ਕਮੇਟੀ ਦੇ ਫਸਣ ਨਾਲ ਮਲੂਕਾ ਦੇ ਨਜ਼ਦੀਕੀਆਂ 'ਤੇ ਨਜ਼ਲਾ ਡਿਗ ਸਕਦਾ ਹੈ। ਜਾਣਕਾਰੀ ਮੁਤਾਬਕ ਇਸ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉੱਚ ਸਿੱਖਿਆ ਤੇ ਭਾਸ਼ਾ ਵਿਭਾਗ ਦੀ ਪ੍ਰਿੰਸੀਪਲ ਸਕੱਤਰ ਨੂੰ ਨਵੇਂ ਸਿਰੇ ਤੋਂ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਇਨ੍ਹਾਂ ਹੁਕਮਾਂ ਤੋਂ ਬਾਅਦ ਭਾਸ਼ਾ ਵਿਭਾਗ ਦੇ ਅਧਿਕਾਰੀ ਵਿਭਾਗ ਦੀਆਂ 150 ਪ੍ਰਕਾਸ਼ਿਤ ਕਿਤਾਬਾਂ ਪ੍ਰਿੰਸੀਪਲ ਸਕੱਤਰ ਕੋਲ ਲੈ ਕੇ ਸੋਮਵਾਰ ਨੂੰ ਚੰਡੀਗੜ੍ਹ ਪਹੁੰਚਣਗੇ। ਸਿਕੰਦਰ ਸਿੰਘ ਮਲੂਕਾ ਭਾਸ਼ਾ ਵਿਭਾਗ ਦੇ ਅਧਿਕਾਰੀਆਂ ਦੀ ਹੁਣ ਤਕ ਗਲਤੀ ਮੰਨ ਕੇ ਚੱਲ ਰਹੇ ਹਨ, ਜਦੋਂਕਿ ਭਾਸ਼ਾ ਵਿਭਾਗ ਦੇ ਅਧਿਕਾਰੀ ਵਾਰ-ਵਾਰ ਇਹ ਆਖ ਰਹੇ ਹਨ ਕਿ ਉਨ੍ਹਾਂ ਨੂੰ ਨਾਜਾਇਜ਼ ਤੌਰ 'ਤੇ ਉਲਝਾਇਆ ਜਾ ਰਿਹਾ ਹੈ, ਕਿਉਂਕਿ ਭਾਸ਼ਾ ਵਿਭਾਗ ਵਲੋਂ ਪ੍ਰਕਾਸ਼ਿਤ ਕਿਤਾਬਾਂ ਨੂੰ ਸਕੂਲਾਂ ਲਈ ਖਰੀਦ ਕਰਨ ਵਾਲੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕਰਕੇ ਉਨ੍ਹਾਂ ਖਿਲਾਫ਼ ਵੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਦੂਜੇ ਪਾਸੇ ਮੋਹਾਲੀ, ਰੂਪਨਗਰ ਅਤੇ ਹੁਸ਼ਿਆਰਪੁਰ ਵਿਚ ਕਿਤਾਬਾਂ ਸਪਲਾਈ ਕਰਨ ਵਾਲੇ ਸਪਲਾਇਰਾਂ, ਟੈਂਡਰ ਮੰਗਣ ਵਾਲੀ ਕਮੇਟੀ ਅਤੇ ਖਰੀਦ ਕਮੇਟੀ ਖਿਲਾਫ਼ ਕਾਰਵਾਈ ਕਰਨ ਵਿਚ ਕੋਈ ਗੰਭੀਰਤਾ ਨਹੀਂ ਦਿਖਾਈ ਜਾ ਰਹੀ। ਸਿੱਖਿਆ ਮੰਤਰੀ ਵਲੋਂ ਵਿਵਾਦਿਤ ਕਿਤਾਬ ਮਾਮਲੇ ਵਿਚ ਟੇਢਾ ਰਾਹ ਅਪਣਾਉਣ ਕਾਰਨ ਇਹ ਮਾਮਲਾ ਸੁਲਝਦਾ ਹੋਇਆ ਨਜ਼ਰ ਨਹੀਂ ਆ ਰਿਹਾ। ਸੂਤਰਾਂ ਮੁਤਾਬਕ ਕਿਤਾਬ ਮਾਮਲੇ ਸਬੰਧੀ ਮੁੱਖ ਨੀਤੀਕਰਤਾ ਸਿੱਖਿਆ ਮੰਤਰੀ ਦੇ ਅਧਿਆਪਕ ਤੋਂ ਪੀ. ਏ. ਬਣੇ ਵਿਅਕਤੀ ਦਾ ਮੁੱਖ ਹੱਥ ਹੈ। ਇਸ ਵਿਅਕਤੀ ਦੀ ਹੀ ਨਿੱਜੀ ਸਪਲਾਇਰ ਨਾਲ ਗੰਢਤੁੱਪ ਹੈ ਅਤੇ ਇਹ ਸਪਲਾਇਰ ਵੀ ਰਾਤੋ-ਰਾਤ ਹੀ ਕਿਤਾਬ ਵਿਕਰੇਤਾ ਬਣੇ ਸਨ। ਜੇਕਰ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਵਾਈ ਜਾਵੇ ਤਾਂ ਸਾਰੀ ਗੱਲ ਸਾਹਮਣੇ ਆ ਸਕਦੀ ਹੈ। ਸਕੂਲਾਂ ਵਿਚ ਕਿਤਾਬਾਂ ਦੀ ਸਪਲਾਈ ਦੇ ਮਾਮਲੇ ਵਿਚ ਜ਼ਿਆਦਾਤਰ ਗੜਬੜ ਨਿੱਜੀ ਸਪਲਾਇਰਾਂ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੀ ਗੈਰ-ਜ਼ਿੰਮੇਵਾਰੀ ਕਾਰਨ ਕੀਤੀ ਹੈ। ਇਸ ਕਾਰਨ ਵਿਦਿਆਰਥੀਆਂ ਦੇ ਪੱਧਰ ਦੀਆਂ ਕਿਤਾਬਾਂ ਸਪਲਾਈ ਕਰਨ ਦੀ ਬਜਾਏ ਬਾਲਗਾਂ ਵਾਲੀਆਂ ਕਿਤਾਬਾਂ ਸਕੂਲਾਂ ਵਿਚ ਭੇਜ ਦਿੱਤੀਆਂ। ਇਨ੍ਹਾਂ ਕਿਤਾਬਾਂ 'ਚੋਂ ਕੁਝ ਕਿਤਾਬਾਂ ਤਾਂ ਬਣੀਆਂ ਹੀ ਮਾਪਿਆਂ ਲਈ ਹਨ।
'ਸੱਪ ਤੋਂ ਪਹਿਲਾਂ ਨੇਤਾ ਨੂੰ ਮਾਰੋ'
ਪੰਜਾਬ ਦੇ ਪ੍ਰਾਇਮਰੀ ਸਕੂਲਾਂ ਵਿਚ ਜੋ ਪ੍ਰਾਈਵੇਟ ਸਪਲਾਇਰ ਵਲੋਂ ਕਿਤਾਬਾਂ ਸਪਲਾਈ ਕੀਤੀਆਂ ਗਈਆਂ ਹਨ, ਉਨ੍ਹਾਂ ਵਿਚ ਸਭ ਤੋਂ ਜ਼ਿਆਦਾ ਵਿਵਾਦਾਂ ਵਾਲੀ ਕਿਤਾਬ 'ਮੈਂ ਤੇ ਮੇਰੇ ਗੀਤ' ਹੈ, ਜਿਸਦੇ ਲੇਖਕ ਕੈਨੇਡਾ ਨਿਵਾਸੀ ਗੁਰਮੀਤ ਸਿੰਘ ਸੰਧੂ ਹਨ। ਇਸ ਕਿਤਾਬ ਨੂੰ ਭਾਈ ਚਤਰ ਸਿੰਘ ਭਾਈ ਜੀਵਨ ਸਿੰਘ ਅੰਮ੍ਰਿਤਸਰ ਵਾਲਿਆਂ ਨੇ ਪ੍ਰਕਾਸ਼ਿਤ ਕੀਤਾ ਹੈ। ਇਸ ਕਿਤਾਬ ਦੇ ਪੰਨਾ ਨੰਬਰ 132 'ਤੇ 'ਸੱਪ ਤੋਂ ਪਹਿਲਾਂ ਨੇਤਾ' ਸਿਰਲੇਖ ਵਾਲੀ ਕਵਿਤਾ ਹੈ, ਜਿਸ ਵਿਚ ਲਿਖਿਆ ਗਿਆ ਹੈ ਕਿ 'ਸੱਪ ਜੇ ਡੰਗੇ ਤਾਂ ਫਿਰ ਵੀ ਡੰਗਿਆ ਉਸ ਦਾ ਬਚ ਜਾਂਦਾ, ਨੇਤਾ ਜੀ ਦਾ ਡੰਗਿਆ ਪਲ ਵਿਚ ਦੁਨੀਆ ਛੱਡ ਜਾਂਦਾ। ਚੁੱਪ ਕਰ ਬੈਠੇ ਬਾਬਾ ਜੀ ਕੋਈ ਵਿਚਾਰ ਦਿਓ, ਸੱਪ ਤੋਂ ਪਹਿਲਾਂ ਮਿਲੇ ਨੇਤਾ ਜੇ ਉਸ ਨੂੰ ਮਾਰ ਦਿਓ।' ਇਸ ਕਿਤਾਬ ਵਿਚ ਹੀ 'ਕੁੜੀ ਰੋਹਬ ਨਾਲ ਭਾਈ ਚੱਲੇ, ਕਾਲਜ ਦੇ ਵਿਚ, ਜੀਜਾ ਸਾਲੀ, ਅੱਜ ਪਰਖੀ ਤੇਰੀ ਯਾਰੀ ਨੀ ਆਦਿ ਬੱਚਿਆਂ ਦੇ ਪੱਧਰ ਦੀਆਂ ਕਵਿਤਾਵਾਂ ਨਹੀਂ ਹਨ ਅਤੇ ਇਹ ਕਵਿਤਾਵਾਂ ਸ਼ਰੇਆਮ ਲੱਚਰਤਾ ਪਰੋਸਣ ਵਾਲੀਆਂ ਹਨ। ਇਸ ਕਿਤਾਬ ਦਾ ਇਕ ਹੋਰ ਵਿਵਾਦ ਵੀ ਹੈ ਕਿ ਇਸ ਵਿਚ ਗੁਰੂ ਨਾਨਕ ਦੇਵ ਜੀ, ਭਗਤ ਸਿੰਘ, ਮਹਾਤਮਾ ਗਾਂਧੀ ਆਦਿ ਮਹੱਤਵਪੂਰਨ ਸ਼ਖਸੀਅਤਾਂ ਬਾਰੇ ਕਵਿਤਾਵਾਂ ਲਿਖੀਆਂ ਹੋਈਆਂ ਹਨ ਅਤੇ ਦੂਜੇ ਪਾਸੇ ਅਸ਼ਲੀਲ ਕਵਿਤਾਵਾਂ ਹਨ। ਇਸ ਸਥਿਤੀ ਵਿਚ ਕਵਿਤਾਵਾਂ ਲਿਖਣ ਵਾਲੇ ਤੇ ਪ੍ਰਕਾਸ਼ਕ ਵੀ ਸਵਾਲਾਂ ਦੇ ਘੇਰੇ ਵਿਚ ਘਿਰਦੇ ਦਿਖਾਈ ਦਿੰਦੇ ਹਨ ਕਿ ਆਖਿਰ ਮਿਆਰ ਦੇ ਪੱਖੋਂ ਉਨ੍ਹਾਂ ਕਿਵੇਂ ਅੱਖਾਂ ਬੰਦ ਕਰ ਲਈਆਂ। ਕਿਤਾਬਾਂ ਸਪਲਾਈ ਕਰਨ ਵਾਲੇ ਤਾਂ ਹੁਣ ਕਟਹਿਰੇ ਵਿਚ ਹੀ ਹਨ। ਪ੍ਰਾਇਮਰੀ ਸਕੂਲਾਂ ਵਿਚ ਡਾ. ਜਗਤਾਰ ਕੌਰ ਦੋਸਾਂਝ ਦੀ ਕਿਤਾਬ ਤੁਹਾਡੀ ਸਿਹਤ ਅਤੇ ਜਗਦੀਸ਼ ਸਿੰਘ ਅਤੇ ਭਗਵੰਤ ਜਗਦੀਸ਼ ਸਿੰਘ ਦੀ ਲਿਖੀ ਕਿਤਾਬ ਬੱਚੇ ਦੀ ਸੰਭਾਲ ਅਤੇ ਸਿੱਖਿਆ ਵੀ ਸਪਲਾਈ ਕੀਤੀ ਗਈ ਹੈ। ਇਨ੍ਹਾਂ ਕਿਤਾਬਾਂ ਵਿਚ ਬਾਂਝਪਣ, ਬੱਚਿਆਂ ਦੀਆਂ ਬੀਮਾਰੀਆਂ, ਗਰਭਵਤੀ ਔਰਤਾਂ ਅਤੇ ਬੱਚਿਆਂ ਦੀ ਖੁਰਾਕ ਆਦਿ ਬਾਰੇ ਲਿਖਿਆ ਹੋਇਆ ਹੈ, ਜਿਹੜਾ ਕਿ ਬੱਚਿਆਂ ਦੀ ਬਜਾਏ ਉਨ੍ਹਾਂ ਦੇ ਮਾਪਿਆਂ ਦੇ ਪੜ੍ਹਨਯੋਗ ਹੈ। ਸਰਕਾਰੀ ਸਕੂਲਾਂ ਵਿਚ ਅਜਿਹੀਆਂ ਕਿਤਾਬਾਂ ਵੰਡ ਕੇ ਸਿੱਖਿਆ ਵਿਭਾਗ ਵਿਦਿਆਰਥੀਆਂ ਨੂੰ ਕਿਹੜਾ ਗਿਆਨ ਵੰਡਣ ਦੀ ਤਿਆਰੀ ਵਿਚ ਹੈ, ਇਹ ਹਰ ਕਿਸੇ ਦੀ ਸਮਝ ਤੋਂ ਪਰ੍ਹੇ ਹੈ।

ਹਾਰਡ ਕੌਰ ਬਾਰੇ ਚਰਚਾ -ਫੇਸਬੁੱਕ ਦੇ ਮੁਖੌਟਾਧਾਰੀ ਸਿੱਖੋ : ਸੁਖਿੰਦਰ

 ਇਹ ਤਸਵੀਰ ਕੈਨੇਡਾ ਦੇ ਖਾਲਿਸਤਾਨ ਪੱਖੀ ਪੰਜਾਬੀ ਅਖਬਾਰ 'ਪੰਜਾਬੀ ਡੇਲੀ' ਵਿੱਚ ਬਹੁਤ ਹੀ ਸ਼ਾਨੋ-ਸ਼ੌਕਤ ਨਾਲ ਲੱਗੀ ਹੋਈ ਹੈ
ਮੈਂ ਇੰਗਲੈਂਡ ਦੀ ਪੰਜਾਬੀ ਰੈਪ ਗਾਇਕਾ ਹਾਰਡ ਕੌਰ ਦੀ ਤਸਵੀਰ ਪਹਿਲੀ ਵਾਰੀ ਕੈਨੇਡਾ ਦੇ ਖਾਲਿਸਤਾਨ ਪੱਖੀ ਰੌਜ਼ਾਨਾ ਅਖਬਾਰ 'ਪੰਜਾਬੀ ਡੇਲੀ' ਵਿੱਚ ਛਪੀ ਵੇਖੀ ਹੈ ਅਤੇ ਕੁਝ ਦਿਨ ਪਹਿਲਾਂ ਹੀ ਹਾਰਡ ਕੌਰ ਵੱਲੋਂ ਪੇਸ਼ ਕੀਤੇ ਗਏ ਕਿਸੀ ਸ਼ੌਅ ਦੀ ਰਿਪੋਰਟ ਫੇਸਬੁੱਕ ਉੱਤੇ ਪੜ੍ਹੀ ਹੈ.
ਇਸ ਤੋਂ ਪਹਿਲਾਂ ਮੈਂ ਸਿਰਫ ਹਾਰਡ ਕੌਰ ਦਾ ਨਾਮ ਹੀ ਸੁਣਿਆ ਸੀ.ਜੋ ਤਸਵੀਰ ਮੈਂ ਫੇਸਬੁੱਕ ਉੱਤੇ ਲਗਾਈ ਹੈ ਹਾਰਡ ਕੌਰ ਦੀ ਇਹ ਤਸਵੀਰ ਕੈਨੇਡਾ ਦੇ ਖਾਲਿਸਤਾਨ ਪੱਖੀ ਪੰਜਾਬੀ ਅਖਬਾਰ 'ਪੰਜਾਬੀ ਡੇਲੀ' ਵਿੱਚ ਬਹੁਤ ਹੀ ਸ਼ਾਨੋ-ਸ਼ੌਕਤ ਨਾਲ ਲੱਗੀ ਹੋਈ ਹੈ.ਜਿਹੜੇ ਮੁਖੌਟਾਧਾਰੀ ਸਿੱਖ ਹਾਰਡ ਕੌਰ ਨੂੰ ਰੰਡੀ ਕਹਿ ਰਹੇ ਹਨ ਉਹ ਜ਼ਰਾ ਦੱਸਣ ਕਿ ਉਸ ਦਾ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਹੋਇਆ ਸ਼ੌਅ ਕੌਣ ਵੇਖਣ ਗਏ ਸਨ? ਜਿਹਨਾਂ ਸਿੱਖਾਂ ਨੂੰ ਹਾਰਡ ਕੌਰ ਨੇ ਕੋਈ ਗਾਹਲ ਕੱਢ ਦਿੱਤੀ? ਫਿਰ ਉਹ ਵੀ ਕੋਈ ਦੱਲੇ ਸਿੱਖ ਹੀ ਹੋਣਗੇ?ਜੇਕਰ ਉਹ ਚੰਡੀਗੜ੍ਹ ਦੇ ਕਿਸੀ ਸ਼ਰਾਬਖਾਨੇ ਵਿੱਚ ਆਪਣਾ ਲੱਚਰ ਸੰਗੀਤ ਦਾ ਸ਼ੋਅ ਪੇਸ਼ ਕਰ ਰਹੀ ਸੀ ਤਾਂ ਗੁਰੂ ਗੋਬਿੰਦ ਸਿੰਘ ਦੇ ਇਹ ਸਿੱਖ ਉਸ ਰੰਡੀ ਕੋਲੋਂ ਕੀ ਅੰਬ ਲੈਣ ਗਏ ਸਨ?ਹਾਰਡ ਕੌਰ ਦੀ ਇਸ ਤਸਵੀਰ ਵਿੱਚ ਸਿਰਫ ਉਸ ਦੀਆਂ ਲੱਤਾਂ ਦਾ ਕੁਝ ਹਿੱਸਾ ਹੀ ਦਿਖਾਈ ਦਿੰਦਾ ਹੈ.ਕੀ ਪੰਜਾਬ ਦੇ ਸਿੱਖਾਂ ਨੇ ਔਰਤਾਂ ਦੀਆਂ ਕਦੀ ਲੱਤਾਂ ਨਹੀਂ ਦੇਖੀਆਂ?ਅਸੀਂ ਹਰ ਰੋਜ਼ ਔਰਤਾਂ ਨੂੰ ਹਾਕੀ, ਵਾਲੀਬਾਲ, ਬਾਸਕਟਬਾਲ ਖੇਡਦੇ ਦੇਖਦੇ ਹਾਂ.ਕੀ ਉਨ੍ਹਾਂ ਔਰਤਾਂ ਨੇ ਬੁਰਕੇ ਪਾਏ ਹੁੰਦੇ ਹਨ?ਕੀ ਕਦੀ ਕਾਮਨਵੈਲਥ ਖੇਡਾਂ/ਓਲੰਪਿਕ ਖੇਡਾਂ/ਏਸ਼ੀਅਨ ਖੇਡਾਂ ਵਿੱਚ ਨੌਜਵਾਨ ਔਰਤਾਂ ਨੂੰ ਬੀਚ ਉੱਤੇ ਬਾਲੀਬਾਲ ਖੇਡਦਿਆਂ ਨਹੀਂ ਦੇਖਿਆ? ਉਨ੍ਹਾਂ ਨੌਜੁਆਨ ਔਰਤਾਂ ਨੇ ਸਿਰਫ ਬਰਾਅ ਪਾਈ ਹੁੰਦੀ ਹੈ ਅਤੇ ਛੋਟੀ ਜਿਹੀ ਨਿੱਕਰ (ਕੱਛੀ) ਪਾਈ ਹੁੰਦੀ ਹੈ?
ਤਾਲਿਬਾਨੀ ਸੋਚ ਦੇ ਧਾਰਨੀ ਸਿੱਖੋ! ਤੁਸੀਂ ਤਾਂ ਆਪਣੀ ਧੀ/ਭੈਣ ਦੀ ਕਦੀ ਨੰਗੀ ਲੱਤ ਦੇਖ ਕੇ ਹੀ ਉਸ ਦਾ ਤਿੰਨ ਫੁੱਟੀ ਤਲਵਾਰ ਨਾਲ ਗਲਾ ਲਾਹ ਕੇ ਸੁੱਟ ਦਿਓਗੇ? ਕਿਉਂਕਿ ਤੁਹਾਡੇ ਖਾਲਿਸਤਾਨ ਵਿੱਚ ਔਰਤਾਂ ਮਾਨਸਿਕ/ਸਰੀਰਕ ਤੌਰ ਉੱਤੇ ਗੁਲਾਮ ਹੀ ਹੋਣਗੀਆਂ.ਕੈਨੇਡਾ/ਅਮਰੀਕਾ/ਇੰਗਲੈਂਡ/ਯੋਰਪ ਦੇ ਸਕੂਲਾਂ ਵਿੱਚ ਪੜ੍ਹਦੀਆਂ ਪੰਜਾਬਣਾਂ ਦੀਆਂ ਹੀ ਕਦੀ ਤਸਵੀਰਾਂ ਦੇਖਣਾ ਅਤੇ ਫਿਰ ਦੱਸਣਾ ਕਿ ਪੰਜਾਬ ਦੇ ਇਹ ਮੁਖੌਟਾਧਾਰੀ ਸਿੱਖ ਅਜੇ ਵੀ ਜੰਗਲ ਵਿੱਚ ਹੀ ਰਹਿੰਦੇ ਹਨ.ਪੰਜਾਬ ਦੇ ਇਹ ਮੁਖੌਟਾਧਾਰੀ ਸਿੱਖ ਵੀ ਹਿੰਦੀ ਕਵੀ ਤੁਲਸੀ ਦਾਸ ਬਰਾਹਮਣ ਦੀ ਹੀ ਔਲਾਦ ਲੱਗਦੇ ਹਨ ਜੋ ਕਿ ਔਰਤ ਨੂੰ ਜਾਨਵਰ ਦੇ ਬਰਾਬਰ ਹੀ ਕਹਿੰਦਾ ਸੀ.ਪੰਜਾਬ ਦੇ ਅਜਿਹੇ ਮੁਖੌਟਾਧਾਰੀ ਲੋਕ ਸਮਝਦੇ ਹਨ ਕਿ 'ਇਨਕਲਾਬ' ਦੇ ਅਰਥ ਸਿਰਫ ਮਰਦਾਂ ਵੱਲੋਂ ਦਾਰੂ ਵਿੱਚ ਗੁੱਟ ਹੋ ਕੇ ਬੱਕਰੇ ਬੁਲਾਣਾ ਹੀ ਹੁੰਦਾ ਹੈ? ਅਜਿਹੇ ਮੁਖੌਟਾਧਾਰੀ ਸਿੱਖਾਂ ਦੇ ਅਪਣੇ ਘਰਾਂ ਵਿੱਚ ਔਰਤ ਦੀ ਹਾਲਤ ਖੁਰਲੀ ਵਿੱਚ ਪੱਠੇ ਖਾਣ ਵਾਲੀ ਔਰਤ ਤੋਂ ਵੱਧ ਕੁਝ ਨਹੀਂ ਹੁੰਦੀ. ਜਿਸ ਦੀ ਨਿਤ ਨਿੱਕੀ ਨਿੱਕੀ ਗੱਲ ਪਿਛੇ ਵਹਿਸ਼ੀਆਨਾ ਮਾਰ-ਕੁੱਟ ਹੁੰਦੀ ਹੈ.

Sunday, March 31, 2013

ਅਮਰੀਕੀ ਵਫ਼ਦ ਦੀ ਗੁਜਰਾਤ ਫੇਰੀ ਵਿਵਾਦਾਂ 'ਚ

ਅਮਰੀਕੀ ਸੰਸਦ ਮੈਂਬਰਾਂ ਦੀ ਤਾਜ਼ਾ ਗੁਜਰਾਤ ਫੇਰੀ ਵਿਵਾਦਾਂ 'ਚ ਘਿਰ ਗਈ ਹੈ। ਸ਼ਿਕਾਗੋ ਦੇ ਅਖ਼ਬਾਰ 'ਹਾਈ ਇੰਡੀਆ' ਨੇ ਦਾਅਵਾ ਕੀਤਾ ਹੈ ਕਿ ਅਮਰੀਕੀ ਸੰਸਦ ਮੈਂਬਰਾਂ ਤੋਂ ਇਸ ਫੇਰੀ ਲਈ ਪੈਸੇ ਲਏ ਗਏ ਸਨ।  ਕਿਹਾ ਗਿਆ ਹੈ ਕਿ ਅਮਰੀਕੀ ਵਫ਼ਦ ਜਿਸ 'ਚ ਤਿੰਨ ਰਿਪਬਲਿਕਨ ਸੰਸਦ ਮੈਂਬਰ ਵੀ ਸਨ, ਦੇ ਮੈਂਬਰਾਂ ਨੇ ਇਸ ਫੇਰੀ ਲਈ 1.62 ਲੱਖ ਤੋਂ ਲੈ ਕੇ 8.68 ਲੱਖ ਰੁਪਏ ਤਕ ਅਦਾ ਕੀਤੇ। ਇਹ ਫੇਰੀ ਸ਼ਿਕਾਗੋ ਦੀ ਨੈਸ਼ਨਲ ਇੰਡੀਅਨ ਅਮਰੀਕਨ ਪਬਲਿਕ ਪਾਲਸੀ ਇੰਸਟੀਚਿਊਟ ਨੇ ਕਰਵਾਈ ਸੀ। ਰੀਪੋਰਟ ਮੁਤਾਬਕ ਇਸ ਸੰਸਥਾ ਨੇ ਵਫ਼ਦ ਦੀ ਫੇਰੀ ਲਈ ਮੈਂਬਰਾਂ ਤੋਂ ਕਰੀਬ ਡੇਢ ਲੱਖ ਤੋਂ 8 ਲੱਖ ਰੁਪਏ ਪ੍ਰਤੀ ਵਿਅਕਤੀ ਲਏ। ਇਸ ਫੇਰੀ ਸਬੰਧੀ ਅਮਰੀਕੀ-ਭਾਰਤੀ ਲੋਕਾਂ ਲਈ ਇਸ਼ਤਿਹਾਰ ਵੀ ਕੱਢੇ ਗਏ। ਇਸ ਸੰਸਥਾ ਦਾ ਬਾਨੀ ਸ਼ਿਕਾਗੋ ਦਾ ਉਦਯੋਗਪਤੀ ਸ਼ਲਭ ਕੁਮਾਰ ਹੈ। ਵਫ਼ਦ ਜਿਸ ਵਿਚ ਅਮਰੀਕੀ ਸੰਸਦ ਮੈਂਬਰ ਅਤੇ ਉਦਯੋਗਪਤੀ ਸ਼ਾਮਲ ਹਨ ਅਤੇ ਜੋ ਇਸ ਵੇਲੇ ਭਾਰਤ ਵਿਚ ਹੀ ਹੈ, ਨੇ ਵੀਰਵਾਰ ਨੂੰ ਮੋਦੀ ਨੂੰ ਮਿਲ ਕੇ ਉਸ ਦੇ ਕੰਮ ਦੇ ਸੋਹਲੇ ਗਾਏ ਅਤੇ ਕਿਹਾ ਕਿ ਉਹ ਉਸ ਨੂੰ ਅਮਰੀਕਾ ਵਾਸਤੇ ਵੀਜ਼ਾ ਵੀ ਦਿਵਾਉਣਗੇ। 2002 ਦੇ ਗੋਧਰਾ ਮਗਰਲੇ ਦੰਗਿਆਂ 'ਚ ਰੋਲ ਨਿਭਾਉਣ ਲਈ ਮੋਦੀ ਨੂੰ ਅਮਰੀਕਾ ਨੇ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਹੋਇਆ ਹੈ। ਇਸ ਫੇਰੀ ਸਬੰਧੀ ਤਾਜ਼ਾ ਪ੍ਰਗਟਾਵਿਆਂ ਦੀ ਰੀਪੋਰਟ ਛਪਣ ਤੋਂ ਬਾਅਦ ਕਾਂਗਰਸ ਅਤੇ ਭਾਜਪਾ 'ਚ ਸ਼ਬਦੀ ਜੰਗ ਛਿੜ ਗਈ ਹੈ। ਕਾਂਗਰਸ ਦੇ ਬੁਲਾਰੇ ਰਾਸ਼ਿਦ ਅਲਵੀ ਨੇ ਕਿਹਾ ਕਿ ਸ਼ਰਮ ਦੀ ਗੱਲ ਹੈ ਕਿ ਮੋਦੀ ਨੂੰ ਵਿਕਾਸ ਦਾ ਸਰਟੀਫ਼ਿਕੇਟ ਅਤੇ ਵੀਜ਼ਾ ਦਿਵਾਉਣ ਲਈ ਸੰਸਦ ਮੈਂਬਰਾਂ ਨੂੰ ਪੈਸੇ ਦਿਤੇ ਗਏ ਸਨ। ਓਵਰਸੀਜ਼ ਭਾਜਪਾ ਦੇ ਕਨਵੀਨਰ ਵਿਜੇ ਜੌਲੀ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਸੰਸਦ ਮੈਂਬਰਾਂ ਨੇ ਅਪਣਾ ਪੈਸਾ ਖ਼ਰਚਿਆ ਹੈ ਅਤੇ ਇਸ ਮਾਮਲੇ 'ਚ ਕੋਈ ਬੇਨਿਯਮੀ ਨਹੀਂ ਹੋਈ। ਵਫ਼ਦ ਦੇ ਮੈਂਬਰ ਅਤੇ ਸੰਸਦ ਮੈਂਬਰ ਐਰੋਨ ਸ਼ੌਕ ਦਾ ਕਹਿਣਾ ਹੈ ਕਿ ਸਾਡੀ ਸਰਕਾਰ ਦੇ ਸਮਰੱਥ ਅਧਿਕਾਰੀਆਂ ਨੇ ਇਸ ਫੇਰੀ ਦੀ ਪ੍ਰਵਾਨਗੀ ਦਿਤੀ ਸੀ। ਉਨ੍ਹਾਂ ਕਿਹਾ ਕਿ ਇਹ ਦੌਰਾ ਸਾਰੇ ਨਿਯਮਾਂ ਦੀ ਪਾਲਣਾ ਕਰਦਿਆਂ ਕੀਤਾ ਗਿਆ। ਅਲਵੀ ਨੇ ਕਿਹਾ ਕਿ ਇਸ ਤਰ੍ਹਾਂ ਦੀ ਖ਼ਬਰ ਸੁਣ ਕੇ ਸ਼ਰਮ ਆਉਂਦੀ ਹੈ। ਇਹ ਦੇਸ਼ ਦੀ ਬੇਇੱਜ਼ਤੀ ਹੈ। ਮੋਦੀ  ਨੇ ਅਪਣੀ ਤਾਰੀਫ਼ ਕਰਾਉਣ ਲਈ ਸੰਸਦ ਮੈਂਬਰਾਂ ਨੂੰ 9-9 ਲੱਖ ਰੁਪਏ ਦਿਤੇ ਤਾਕਿ ਅਮਰੀਕਾ ਮੋਦੀ ਨੂੰ ਵੀਜ਼ਾ ਅਤੇ ਵਿਕਾਸ ਦਾ ਸਰਟੀਫ਼ਿਕੇਟ ਦੇ ਸਕੇ। ਉਨ੍ਹਾਂ ਕਿਹਾ ਕਿ ਜੇ ਇਹ ਪੈਸਾ ਗੁਜਰਾਤ ਦੇ ਗ਼ਰੀਬਾਂ ਅਤੇ ਵਿਕਾਸ ਲਈ ਖ਼ਰਚਿਆ ਜਾਂਦਾ ਤਾਂ ਬਿਹਤਰ ਹੁੰਦਾ। ਜੌਲੀ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਬਿਲਕੁਲ ਵੀ ਕੋਈ ਵਿਵਾਦ ਨਹੀਂ, ਅਮਰੀਕਾ 'ਚ ਤਾਂ ਲੋਕ ਰਾਸ਼ਟਰਪਤੀ ਨਾਲ ਰਾਤ ਦਾ ਖਾਣਾ ਖਾਣ ਲਈ ਵੀ ਪੈਸੇ ਦਿੰਦੇ ਹਨ। ਉਨ੍ਹਾਂ ਕਿਹਾ ਕਿ ਅਮਰੀਕੀ ਕਾਰੋਬਾਰੀ ਭਾਰਤ ਆਉਣਾ ਚਾਹੁੰਦੇ ਸਨ, ਉਨ੍ਹਾਂ ਅਪਣੇ ਪੈਸੇ ਖ਼ਰਚੇ। ਉਹ ਨਰਿੰਦਰ ਮੋਦੀ ਦੇ ਰਾਜ ਪ੍ਰਬੰਧ ਤੋਂ ਪ੍ਰਭਾਵਤ ਸਨ। ਗੁਜਰਾਤ ਕਾਂਗਰਸ ਦੇ ਪ੍ਰਧਾਨ ਅਰਜਨ ਮੋਦਬਾਡੀਆ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦਾ ਪ੍ਰਭਾਵ ਸਿਰਜਿਆ ਗਿਆ ਕਿ ਇਹ ਅਮਰੀਕਾ ਦਾ ਸਰਕਾਰੀ ਵਫ਼ਦ ਸੀ ਅਤੇ ਅਮਰੀਕੀ ਸਰਕਾਰ ਨੇ ਖ਼ੁਦ ਮੋਦੀ ਨੂੰ ਅਮਰੀਕਾ ਆਉਣ ਦਾ ਸੱਦਾ ਦਿਤਾ ਹੈ। ਉਨ੍ਹਾਂ ਕਿਹਾ ਕਿ ਵਫ਼ਦ ਨੂੰ ਰਿਸ਼ਵਤ ਦੇ ਕੇ ਮੋਦੀ ਦੀ ਸ਼ਲਾਘਾ ਕਰਵਾਈ ਗਈ।

ਮੈਂ ਔਰਤ ਨੂੰ ਹਮੇਸ਼ਾ ਹੀ ਹਵਸ ਪੂਰੀ ਕਰਨ ਵਾਲੀ ਵਸਤੂ ਸਮਝਿਆ : ਖ਼ੁਸ਼ਵੰਤ ਸਿੰਘ

98 ਸਾਲ ਦੀ ਉਮਰੇ ਮਸ਼ਹੂਰ ਲੇਖਕ ਖ਼ੁਸ਼ਵੰਤ ਸਿੰਘ ਖ਼ੁਦ ਨੂੰ ਖ਼ੁਸ਼ਕਿਸਮਤ ਸਮਝਦਾ ਹੈ ਕਿ ਉਹ ਹਾਲੇ ਵੀ ਸ਼ਾਮ ਵੇਲੇ ਦਾਰੂ ਅਤੇ ਸੁਆਦੀ ਖਾਣਿਆਂ ਦਾ ਆਨੰਦ ਮਾਣਦਾ ਹੈ ਪਰ ਇਸ ਗੱਲੋਂ ਉਹ ਉਦਾਸ ਵੀ ਹੈ ਕਿ ਉਹ ਹਮੇਸ਼ਾ ਹੀ ਥੋੜਾ ਜਿਹਾ ਲਚਰ ਰਿਹਾ ਹੈ ਅਤੇ ਉਸ ਨੇ ਔਰਤਾਂ ਨੂੰ ਹਵਸ ਪੂਰੀ ਕਰਨ ਦੀ ਵਸਤੂ ਸਮਝਿਆ ਹੈ। ਅਪਣੀ ਕਿਤਾਬ 'ਖ਼ੁਸ਼ਵੰਤਨਾਮਾ: ਦਿ ਲੈਸਨਜ਼ ਆਫ਼ ਮਾਈ ਲਾਈਫ਼' 'ਚ ਖ਼ੁਸ਼ਵੰਤ ਸਿੰਘ ਨੇ ਵੱਖ-ਵੱਖ ਵਿਸ਼ਿਆਂ ਨੂੰ ਛੂਹਿਆ ਹੈ ਜਿਵੇਂ ਬੁਢਾਪਾ, ਮੌਤ ਦਾ ਡਰ, ਸੇਜ-ਸਾਂਝ ਦਾ ਮਜ਼ਾ, ਕਾਵਿਕਤਾ ਦਾ ਆਨੰਦ, ਹਾਸੇ ਦੀ ਮਹੱਤਤਾ, ਲੰਮੀ, ਪ੍ਰਸੰਨ ਅਤੇ ਸਿਹਤਮੰਦ ਜ਼ਿੰਦਗੀ ਜਿਊਣ ਦੇ ਤਰੀਕੇ ਆਦਿ। ਉਹ ਲਿਖਦਾ ਹੈ, ''98 ਸਾਲ ਦੀ ਉਮਰੇ ਮੇਰੇ ਕੋਲ ਉਮੀਦ ਕਰਨ ਲਈ ਬਹੁਤਾ ਕੁੱਝ ਨਹੀਂ ਬਚਿਆ ਪਰ ਬਹੁਤ ਸਾਰੀਆਂ ਯਾਦਾਂ ਹਨ। ਮੈਂ ਅਪਣੀਆਂ ਪ੍ਰਾਪਤੀਆਂ ਅਤੇ ਨਾਕਾਮੀਆਂ ਦਾ ਲੇਖਾ-ਜੋਖਾ ਕੀਤਾ ਹੈ।'' ਉਹ ਅਪਣੀਆਂ ਪ੍ਰਾਪਤੀਆਂ ਬਾਰੇ ਦਸਦਾ ਹੈ, ''ਮੈਂ 80 ਤੋਂ ਵੱਧ ਕਿਤਾਬਾਂ ਲਿਖੀਆਂ ਹਨ ਤੇ ਹੋਰ ਬਹੁਤ ਸਾਰੀਆਂ ਲਿਖਤਾਂ ਲਿਖੀਆਂ ਹਨ।'' ਖ਼ੁਸ਼ਵੰਤ ਸਿੰਘ ਨੂੰ ਇਸ ਗੱਲ ਦਾ ਅਫ਼ਸੋਸ ਹੈ ਕਿ ਉਸ ਨੇ ਬਚਪਨ 'ਚ ਚਿੜੀਆਂ, ਬਤਖ਼ਾਂ ਅਤੇ ਪਹਾੜੀ ਕਬੂਤਰਾਂ ਨੂੰ ਮਾਰਨ ਜਿਹੇ ਕਈ ਪਾਪ ਕੀਤੇ। ਖ਼ੁਸ਼ਵੰਤ ਸਿੰਘ ਮੁਤਾਬਕ, 'ਮੈਂ ਇਸ ਉਦਾਸ ਸਿੱਟੇ 'ਤੇ ਵੀ ਪੁਜਿਆ ਹਾਂ ਕਿ ਮੈਂ ਹਮੇਸ਼ਾ ਹੀ ਥੋੜਾ ਲਚਰ ਰਿਹਾ ਹਾਂ। ਚਾਰ ਸਾਲ ਦੀ ਮਲੂਕ ਉਮਰ ਤੋਂ ਲੈ ਕੇ ਹੁਣ ਤਕ ਮੇਰੇ ਮਨ 'ਚ ਸੱਭ ਤੋਂ ਉਤੇ ਲਚਰਤਾ ਹੀ ਰਹੀ ਹੈ। ਮੈਂ ਔਰਤਾਂ ਨੂੰ ਮਾਵਾਂ, ਭੈਣਾਂ ਜਾਂ ਧੀਆਂ ਸਮਝਣ ਦੇ ਭਾਰਤੀ ਆਦਰਸ਼ 'ਤੇ ਕਦੇ ਵੀ ਖਰਾ ਨਹੀਂ ਉਤਰ ਸਕਿਆ। ਹਰ ਉਮਰ ਦੀਆਂ ਔਰਤਾਂ ਮੇਰੇ ਲਈ ਹਵਸ ਪੂਰੀ ਕਰਨ ਦੀਆਂ ਵਸਤੂਆਂ ਸਨ ਅਤੇ ਹੁਣ ਵੀ ਹਨ।'' ਉਹ ਲਿਖਦਾ ਹੈ ਕਿ 98 ਸਾਲ ਦੀ ਉਮਰੇ ਮੈਂ ਖ਼ੁਦ ਨੂੰ
ਖ਼ੁਸ਼ਕਿਸਮਤ ਸਮਝਦਾ ਹਾਂ ਕਿ ਮੈਂ ਹਰ ਸ਼ਾਮ ਨੂੰ 7 ਵਜੇ ਦਾਰੂ ਪੀਂਦਾ ਹਾਂ, ਸੁਆਦੀ ਖਾਣੇ ਖਾਂਦਾ ਹਾਂ ਅਤੇ ਤਾਜ਼ਾ ਗੱਪਸ਼ਪ ਤੇ ਸਕੈਂਡਲਾਂ ਬਾਰੇ ਸੁਣਨ ਦੀ ਤਾਂਘ ਰਖਦਾ ਹਾਂ। ਪਰ ਉਹ ਇਹ ਵੀ ਕਹਿੰਦਾ ਹੈ ਕਿ ਪਿਛਲੇ ਇਕ-ਦੋ ਸਾਲਾਂ 'ਚ ਉਹ ਕਾਫ਼ੀ ਢਿੱਲਾ ਪੈ ਗਿਆ ਹੈ। ਉਹ ਲਿਖਦਾ ਹੈ ਕਿ ਮੈਂ ਹੁਣ ਛੇਤੀ ਥੱਕ ਜਾਂਦਾ ਹਾਂ ਤੇ ਸੁਣਨਾ ਵੀ ਕਾਫ਼ੀ ਹੱਦ ਤਕ ਬੰਦ ਹੋ ਗਿਆ ਹੈ। ਉਹ ਲਿਖਦਾ ਹੈ ਕਿ ਦੇਸ਼ ਦੇ ਲੋਕਾਂ 'ਚ ਅਸਹਿਣਸ਼ੀਲਤਾ ਮੇਰੀ ਅੱਜ ਸੱਭ ਤੋਂ ਵੱਡੀ ਚਿੰਤਾ ਹੈ।

ਸਭਿਆਚਾਰਕ ਨੀਤੀ ਦੀ ਅਣਹੋਂਦ ਨੇ ਅਸ਼ਲੀਲ ਗਾਇਨ ਦਾ ਰਾਹ ਖੋਲ੍ਹਿਆ

ਰਿਸ਼ੀਆਂ-ਮੁਨੀਆਂ ਅਤੇ ਗੁਰੂਆਂ-ਪੀਰਾਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਪੰਜਾਬ ਅੱਜ ਤੱਕ ਆਪਣੀ ‘ਸੱਭਿਆਚਾਰਕ ਨੀਤੀ’ ਤੋਂ ਵੀ ਵਿਹੂਣਾ ਹੈ। ਅਸ਼ਲੀਲ ਗੀਤਾਂ ਅਤੇ ਨਸ਼ਿਆਂ ਦੀ ਹਨ੍ਹੇਰੀ ਵਿੱਚ ਰੁਲੇ ਪੰਜਾਬ ’ਚ ਸਰਕਾਰ ਕਬੱਡੀ ਮੈਚਾਂ ਦੌਰਾਨ ਤਾਂ ਬਾਲੀਵੁੱਡ ਸਟਾਰਾਂ ਦੀਆਂ ਕੁਝ ਪਲਾਂ ਦੀਆਂ ਪੇਸ਼ਕਾਰੀਆਂ ਲਈ ਕਰੋੜਾਂ ਰੁਪਏ ਅਦਾ ਰਹੀ ਹੈ ਜਦਕਿ ਰਵਾਇਤੀ ਗਾਇਕਾਂ ਦਾ ਮੁੱਲ ਕੌਡੀਆਂ ਦੇ ਭਾਅ ਪਾਇਆ ਜਾ ਰਿਹਾ। ਸੱਭਿਆਚਾਰਕ ਵਿਭਾਗ ਵੱਲੋਂ ਪੰਜਾਬੀ ਗਾਇਕੀ ਦੀ ਵਿਰਾਸਤ ਮੰਨੀ ਜਾਂਦੀ ਗੁਰਮੀਤ ਬਾਵਾ ਅਤੇ ਪੰਜਾਬੀ ਸੂਫੀ ਗਾਇਕ ਬਰਕਤ ਸਿੱਧੂ ਵਰਗੇ ਨਾਮਵਰ ਗਾਇਕਾਂ ਨੂੰ ਪੇਸ਼ਕਾਰੀ ਦੇ ਮਹਿਜ਼ 60-80 ਹਜ਼ਾਰ ਰੁਪਏ ਹੀ ਦਿੱਤੇ ਜਾਂਦੇ ਹਨ। ਸ਼ਾਇਦ ਇਹੋ ਕਾਰਨ ਹੈ ਕਿ ਅਜੋਕੇ ਗਾਇਕ ਰਵਾਇਤੀ ਗਾਇਕੀ ਨੂੰ ਵਿਸਾਰ ਕੇ ਅਸ਼ਲੀਲ ਤੇ ਲੱਚਰ ਗਾਇਕੀ ਦੇ ਰਾਹ ਪੈ ਗਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਸੱਭਿਆਚਾਰਕ ਮਾਮਲੇ ਵਿਭਾਗ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੀਆਂ ਤਨਖਾਹਾਂ ਉੱਪਰ ਔਸਤਨ ਸਾਲਾਨਾ 6.50 ਕਰੋੜ ਰੁਪਏ ਖਰਚ ਆ ਰਿਹਾ ਹੈ ਜਦਕਿ ਪਿਛਲੇ ਚਾਰ ਸਾਲਾਂ ਦੌਰਾਨ ਇਸ ਵਿਭਾਗ ਵੱਲੋਂ ਸੱਭਿਆਚਾਰਕ ਪ੍ਰੋਗਰਾਮਾਂ ਅਤੇ ਗਾਇਕਾਂ ਉੱਪਰ ਔਸਤਨ ਸਾਲਾਨਾ ਮਹਿਜ਼ 50 ਲੱਖ ਰੁਪਏ ਦੇ ਕਰੀਬ ਹੀ ਖਰਚੇ ਗਏ ਹਨ। ਪਿਛਲੇ ਚਾਰ ਸਾਲਾਂ ਦੌਰਾਨ ਇਸ ਵਿਭਾਗ ਵੱਲੋਂ ਰਾਜ ਦੇ ਮਹਿਜ਼ ਚਾਰ ਜ਼ਿਲ੍ਹਿਆਂ ਕਪੂਰਥਲਾ, ਲੁਧਿਆਣਾ, ਅੰਮ੍ਰਿਤਸਰ ਅਤੇ ਪਟਿਆਲਾ ਵਿੱਚ ਹੀ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਗਏ ਹਨ। ਸੱਭਿਆਚਾਰਕ ਮਾਮਲੇ ਵਿਭਾਗ ਵੱਲੋਂ ਸਾਲ 2007-08 ਦੌਰਾਨ ਕਪੂਰਥਲਾ ਹੈਰੀਟੇਜ ਫੈਸਟੀਵਲ ਕਰਵਾਉਣ ਲਈ ਡਿਪਟੀ ਕਮਿਸ਼ਨਰ ਕਪੂਰਥਲਾ-ਕਮ-ਪ੍ਰਧਾਨ ਕਪੂਰਥਲਾ ਹੈਰੀਟੇਜ ਸੁਸਾਇਟੀ ਨੂੰ 27.50 ਲੱਖ ਰੁਪਏ ਦਿੱਤੇ ਗਏ ਸਨ। ਇਸੇ ਤਰ੍ਹਾਂ ਸਾਲ 2008-09 ਦੌਰਾਨ ਲੁਧਿਆਣਾ ਵਿਖੇ ਧੀਆਂ ਦਾ ਮੇਲਾ ਤੇ ਸੱਭਿਆਚਾਰਕ ਫੈਸਟੀਵਲ ਕਰਵਾਉਣ ਲਈ 7.50 ਲੱਖ ਰੁਪਏ ਰਿਲੀਜ਼  ਕੀਤੇ ਗਏ ਸਨ। ਸਾਲ 2008-09 ਦੌਰਾਨ ਕਪੂਰਥਲਾ, ਅੰਮ੍ਰਿਤਸਰ ਅਤੇ ਪਟਿਆਲਾ ਵਿਖੇ ਹੈਰੀਟੇਜ ਫੈਸਟੀਵਲ ਕਰਵਾਉਣ ਲਈ ਕ੍ਰਮਵਾਰ 30 ਲੱਖ,  25 ਲੱਖ ਅਤੇ 65 ਲੱਖ ਰੁਪਏ ਦਿੱਤੇ ਗਏ ਸਨ। ਸਾਲ 2009-10 ਦੌਰਾਨ ਅੰਮ੍ਰਿਤਸਰ ਵਿਖੇ ਹੈਰੀਟੇਜ ਫੈਸਟੀਵਲ ਕਰਵਾਉਣ ਲਈ 20 ਲੱਖ ਰੁਪਏ ਰਿਲੀਜ਼ ਕੀਤੇ ਸਨ। ਸਾਲ 2010-11 ਨਵੀਂ ਦਿੱਲੀ ਵਿਖੇ ਹੋਏ ਰਾਸ਼ਟਰ ਮੰਡਲ ਖੇਡਾਂ ਦੇ ਉਦਘਾਟਨੀ ਸਮਾਰੋਹ ਤੋਂ ਪਹਿਲਾਂ ਰਾਜ ਦੇ ਸੱਭਿਆਚਾਰ ਨੂੰ ਦਰਸਾਉਂਦੇ ਕਰਵਾਏ ਪ੍ਰੋਗਰਾਮਾਂ ਲਈ 20 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਸੀ, ਜਿਨ੍ਹਾਂ ਵਿੱਚੋਂ ਪੰਜਾਬ ਦੇ ਨਾਮਵਰ ਗਾਇਕਾਂ ਤੇ ਕਲਾਕਾਰਾਂ ਨੂੰ ਇੱਕ ਦਰਜਨ ਪੇਸ਼ਕਾਰੀਆਂ ਦੇ ਇਵਜ਼ ਵਜੋਂ ਕੇਵਲ 7.85 ਲੱਖ ਰੁਪਏ ਦਿੱਤੇ ਗਏ ਸਨ। ਰਾਸ਼ਟਰ ਮੰਡਲ ਖੇਡਾਂ ਦੇ ਉਦਘਾਟਨੀ ਸਮਾਰੋਹ ਵਿੱਚ ਪੇਸ਼ਕਾਰੀਆਂ ਕਰਨ ਵਾਲੇ ਪੰਜਾਬੀ ਗਾਇਕਾਂ ਸਰਬਜੀਤ ਨੂੰ 75 ਹਜ਼ਾਰ, ਗੁਰਮੀਤ ਬਾਵਾ ਨੂੰ 60 ਹਜ਼ਾਰ, ਅਖ਼ਤਰ ਅਲੀ ਨੂੰ 45 ਹਜ਼ਾਰ, ਸ਼ੌਕਤ ਅਲੀ ਨੂੰ 45 ਹਜ਼ਾਰ, ਬਰਕਤ ਸਿੱਧੂ ਨੂੰ 80 ਹਜ਼ਾਰ, ਇੰਦਰਜੀਤ ਨਿੱਕੂ ਨੂੰ 75 ਹਜ਼ਾਰ, ਸੁਖਵਿੰਦਰ ਸੁੱਖੀ ਨੂੰ 35 ਹਜ਼ਾਰ, ਮਨਪ੍ਰੀਤ ਨੂੰ ਦੋ ਪੇਸ਼ਕਾਰੀਆਂ ਦੇ 1.30 ਲੱਖ ਅਤੇ ਪੰਮੀ ਬਾਈ ਨੂੰ ਦੋ ਲੱਖ ਰੁਪਏ ਦਿੱਤੇ ਗਏ ਹਨ। ਹਾਸਰਸ ਕਲਾਕਾਰ ਰਮਨਦੀਪ ਸਿੰਘ ਨੂੰ 10 ਹਜ਼ਾਰ ਅਤੇ ਮੰਚ ਸੰਚਾਲਕ ਨਿਰਮਲ ਜੌੜਾ ਨੂੰ 30 ਹਜ਼ਾਰ ਰੁਪਏ ਦਿੱਤੇ ਗਏ ਹਨ। ਇਸ ਤਰ੍ਹਾਂ ਸੱਭਿਆਚਾਰ ਵਿਭਾਗ ਵੱਲੋਂ ਸਾਲ 2007 ਤੋਂ 2011 ਤੱਕ ਚਾਰ ਸਾਲਾਂ ਦੌਰਾਨ ਸੱਭਿਆਚਾਰਕ ਪ੍ਰੋਗਰਾਮਾਂ ਉੱਪਰ ਕੇਵਲ 1.95 ਕਰੋੜ ਰੁਪਏ ਹੀ ਖਰਚੇ ਹਨ।
ਦੂਸਰੇ ਪਾਸੇ ਪਿਛਲੇ ਕਈ ਸਾਲਾਂ ਤੋਂ ਪੰਜਾਬ ਸਰਕਾਰ ਵੱਲੋਂ ਰਾਜ ਦੀ ਸੱਭਿਆਚਾਰਕ ਨੀਤੀ ਬਣਾਉਣ ਦੇ ਕੀਤੇ ਜਾ ਰਹੇ ਦਾਅਵੇ ਵੀ ਫੋਕੇ ਸਾਬਤ ਹੋ ਰਹੇ ਹਨ। ਪਿਛਲੇ ਵਰ੍ਹੇ 22 ਅਗਸਤ ਨੂੰ ਸੱਭਿਆਚਾਰਕ ਮਾਮਲੇ ਵਿਭਾਗ ਦੇ ਮੰਤਰੀ ਵੱਲੋਂ ਪੰਜਾਬੀ ਸੱਭਿਆਚਾਰ ਨਾਲ ਸਬੰਧਤ 29 ਪ੍ਰਮੁੱਖ ਸ਼ਖ਼ਸੀਅਤਾਂ ਤੇ ਅਧਿਕਾਰੀਆਂ ਦੇ ਆਧਾਰਤ ਕੀਤੀ ਮੀਟਿੰਗ ਦੌਰਾਨ ਸੱਭਿਆਚਾਰਕ ਨੀਤੀ ਬਣਾਉਣ, ਸੰਗੀਤਕ ਰਚਨਾਵਾਂ ਵਿੱਚ ਵਧ ਰਹੀ ਅਸ਼ਲੀਲਤਾ ਨੂੰ ਠੱਲ੍ਹਣ ਅਤੇ ਪੰਜਾਬ ਵਿੱਚ ਕੌਮਾਂਤਰੀ ਪੱਧਰ ਦਾ ਵਿਰਾਸਤੀ ਮੇਲਾ ਕਰਵਾਉਣ ਸਮੇਤ ਆਡੀਓ ਤੇ ਵੀਡੀਓ ਪਾਇਰੇਸੀ ਨੂੰ ਠੱਲ੍ਹਣ ਲਈ ਅਹਿਮ ਫੈਸਲੇ ਲਏ ਸਨ। ਇਸ ਮੀਟਿੰਗ ਵਿੱਚ ਮੰਨਿਆ ਗਿਆ ਸੀ ਕਿ ਅੱਜ ਪੰਜਾਬੀ ਆਡੀਓ ਤੇ ਵੀਡੀਓ ਸੰਗੀਤਕ ਟੇਪਾਂ ਵਿੱਚ ਜਿੱਥੇ ਅਸ਼ਲੀਲਤਾ ਭਾਰੂ ਹੈ, ਉੱਥੇ ਗੀਤਾਂ ਵਿੱਚ ਸ਼ਰਾਬ ਤੇ ਬੰਦੂਕਾਂ ਜਿਹੇ ਸ਼ਬਦਾਂ ਨੂੰ ਵਰਤ ਕੇ ਨੌਜਵਾਨਾਂ ਨੂੰ ਕੁਰਾਹੇ ਪਾਇਆ ਜਾ ਰਿਹਾ ਹੈ ਜਦਕਿ ਸੱਤ ਮਹੀਨਿਆਂ ਬਾਅਦ ਵੀ ਸਰਕਾਰ ਇਨ੍ਹਾਂ ਫੈਸਲਿਆਂ ਨੂੰ ਅਮਲ ਵਿੱਚ ਨਹੀਂ ਲਿਆ ਸਕੀ। ਸੱਭਿਆਚਾਰਕ ਵਿਭਾਗ ਭਾਵੇਂ ਪਿਛਲੇ ਸਮੇਂ ਤੋਂ ਅਸ਼ਲੀਲ ਗਾਇਕੀ ਉੱਪਰ ਨੱਥ ਪਾਉਣ ਅਤੇ ਸੱਭਿਆਚਾਰਕ ਨੀਤੀ ਬਣਾਉਣ ਲਈ ਵੱਖ-ਵੱਖ ਤਜਵੀਜ਼ਾਂ ਬਣਾ ਰਿਹਾ ਹੈ ਪਰ ਫਿਲਹਾਲ ਇਹ ਮਾਮਲਾ ‘ਹਵਾ’ ਵਿੱਚ ਹੀ ਲਟਕਿਆ ਪਿਆ ਹੈ ਜਦਕਿ ਦੂਸਰੇ ਪਾਸੇ ਆਮ ਲੋਕ ਅਸ਼ਲੀਲ ਗਾਇਕੀ ਵਿਰੁੱਧ ਸੜਕਾਂ ’ਤੇ ਨਿਕਲ ਆਏ ਹਨ।