
ਬਲਵਿੰਦਰ ਪ੍ਰੀਤ ਨੂੰ ਪਾਠਕ ਦੇ ਤੌਰ ਤੇ ਕਵਿਤਾ ਨਾਲ ਜੁੜਿਆਂ ਨੂੰ ਕਈ ਵਰੇ੍ ਹੋ ਗਏ ਨੇ ਪਰ ਕਵਿਤਾ ਸਿਰਜਕ ਦੇ ਰੂਪ 'ਚ ਉਹ ਕੁਝ ਦੇਰ ਪਹਿਲਾਂ ਹੀ ਪਾਠਕਾਂ ਦੇ ਰੂ-ਬ-ਰੂ ਹੋਏ ਨੇ।ਅਸੀਂ ਸ਼ਬਦਮੰਡਲ ਦੇ ਪਾਠਕਾਂ ਨਾਲ ਉਨਾਂ ਦੀਆਂ ਰਚਨਾਵਾਂ ਸਾਂਝੀਆਂ ਕਰ ਕੇ ਖੁਸ਼ੀ ਮਹਿਸੂਸ ਕਰ ਰਹੇ ਹਾਂ।
---
੧ -ਡਰ
--
ਬੇਲੋੜੇ ਪ੍ਰਤੀਕਾਂ ਦੀ
ਕਿਆਰੀ ਵਿੱਚ
ਪੁੰਗਰਦੀ ਕਵਿਤਾ
ਸੋਚਦੀ ਹੋਵੇਗੀ
ਕਿ......
ਮੇਰਾ ਜਨਮ
ਹੁਣ ਆਮ ਆਦਮੀ ਲਈ
ਨਾ ਹੋ ਕੇ
ਸਿਰਫ਼
ਆਲੋਚਕਾਂ ਜਾਂ ਫ਼ਿਰ
ਉੱਘੇ ਵਿਦਵਾਨਾਂ ਦੇ
ਚਿੰਤਨ ਵਾਸਤੇ ਹੀ
ਰਹਿ ਗਿਆ ਹੈ.....
-----------------
੨ -ਨਿਸ਼ਾਨ
---
ਹਾਂ ਅੱਜ ਵੀ ਮੌਜੂਦ ਨੇ
ਮੇਰੇ ਘਰ ਦੀ ਪਿਛਲੀ ਕੰਧ 'ਤੇ
ਤੇਰੇ ਨੌਹਾਂ ਦੇ ਨਿਸ਼ਾਨ
ਜਿਹੜੇ ਆਤਮਾ ਦੀ ਤ੍ਰਿਪਤੀ ਲਈ
ਸਿਖਰ 'ਤੇ ਪਹੁੰਚ ਕੇ
ਤੇਰੇ ਅੰਦਰ ਦੀ ਤੜਫ਼ ਤੇ
ਮੰਜਿਲ ਸਰ ਕਰ ਜਾਣ
ਦਾ ਅਹਿਸਾਸ ਸਨ।
-----------
੩ -ਕੇਂਦਰਿਤ
---
ਤੇਰਾ ਪਾਠ ਕਰਦਿਆਂ
ਹੇ ਕਵਿਤਾ!
ਮੈਨੂੰ ਧੁਰ ਅੰਦਰੌਂ
ਮਹਿਸੂਸ ਹੁੰਦਾ ਹੈ
ਤੂੰ ਮੇਰਾ ਹਾਣ ਨਹੀਂ
ਤੇਰਾ ਪਰਾਇਆ ਹਾਣ
ਹੋਣ ਦਾ ਅਹਿਸਾਸ
ਪੀੜਾ ਦਾਇਕ ਹੈ
ਪਰ.......
ਇਹ ਪੀੜਾ ਵੀ ਇੱਕ
ਆਨੰਦ ਮਈ ਅਹਿਸਾਸ
ਕਰਾਉਂਦੀ ਹੈ
ਕਿ ਤੂੰ ਮੇਰੀ ਕਲਪਨਾ
ਮੈਂ ਤੇਰੀ ਕਲਪਨਾ ਵਿੱਚ
ਕੇਂਦਰਿਤ ਹਾਂ।
------
0 comments:
Post a Comment