copyright reserved shabadm 2020. Powered by Blogger.

Wednesday, May 29, 2013

ਮੁੱਦਾ : ਕਿਤਾਬ ਘੋਟਾਲਾ | ਬੱਚਿਆਂ ਦੀਆਂ ਕਿਤਾਬਾਂ ਚ ਲੱਚਰਤਾ

ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਸਪਲਾਈ ਕੀਤੀਆਂ ਵਿਵਾਦਿਤ ਕਿਤਾਬਾਂ ਦਾ ਮਾਮਲਾ ਹੋਰ ਵੀ ਗੰਭੀਰ ਹੁੰਦਾ ਜਾ ਰਿਹਾ ਹੈ, ਜਿਸ ਨੂੰ ਸੁਲਝਾਉਣ ਲਈ ਨਾ ਤਾਂ ਪੰਜਾਬ ਸਰਕਾਰ ਅਤੇ ਨਾ ਹੀ ਸਿੱਖਿਆ ਮੰਤਰੀ ਜ਼ਿੰਮੇਵਾਰੀ ਨਾਲ ਕੰਮ ਕਰ ਰਹੇ ਹਨ। ਇਸ ਲਈ ਇਹ ਮਾਮਲਾ ਚੋਣਾਂ ਵਾਲਾ ਸਾਲ ਹੋਣ ਕਾਰਨ ਹੋਰ ਵਧਣ ਦੇ ਆਸਾਰ ਬਣੇ ਹੋਏ ਹਨ। ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਇਸ ਮਾਮਲੇ ਨੂੰ ਲੈ ਕੇ ਫਸੇ ਹੋਏ ਤਾਂ ਮਹਿਸੂਸ ਕਰ ਰਹੇ ਹਨ ਪਰ ਉਹ ਮਾਮਲੇ ਦਾ ਸਹੀ ਹੱਲ ਲੱਭਣ ਲਈ ਟੇਢੇ ਰਾਹ 'ਤੇ ਚੱਲ ਰਹੇ ਹਨ। ਉਹ ਆਪਣਾ ਜ਼ਿਆਦਾ ਗੁੱਸਾ ਭਾਸ਼ਾ ਵਿਭਾਗ ਦੇ ਅਧਿਕਾਰੀਆਂ 'ਤੇ ਹੀ ਲਾਹ ਰਹੇ ਹਨ, ਪਰ ਸਿੱਖਿਆ ਵਿਭਾਗ ਦੀਆਂ ਟੈਂਡਰ ਅਤੇ ਖਰੀਦ ਕਮੇਟੀ ਨੂੰ ਬਚਾਇਆ ਜਾ ਰਿਹਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਸ ਕਮੇਟੀ ਦੇ ਫਸਣ ਨਾਲ ਮਲੂਕਾ ਦੇ ਨਜ਼ਦੀਕੀਆਂ 'ਤੇ ਨਜ਼ਲਾ ਡਿਗ ਸਕਦਾ ਹੈ। ਜਾਣਕਾਰੀ ਮੁਤਾਬਕ ਇਸ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉੱਚ ਸਿੱਖਿਆ ਤੇ ਭਾਸ਼ਾ ਵਿਭਾਗ ਦੀ ਪ੍ਰਿੰਸੀਪਲ ਸਕੱਤਰ ਨੂੰ ਨਵੇਂ ਸਿਰੇ ਤੋਂ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਇਨ੍ਹਾਂ ਹੁਕਮਾਂ ਤੋਂ ਬਾਅਦ ਭਾਸ਼ਾ ਵਿਭਾਗ ਦੇ ਅਧਿਕਾਰੀ ਵਿਭਾਗ ਦੀਆਂ 150 ਪ੍ਰਕਾਸ਼ਿਤ ਕਿਤਾਬਾਂ ਪ੍ਰਿੰਸੀਪਲ ਸਕੱਤਰ ਕੋਲ ਲੈ ਕੇ ਸੋਮਵਾਰ ਨੂੰ ਚੰਡੀਗੜ੍ਹ ਪਹੁੰਚਣਗੇ। ਸਿਕੰਦਰ ਸਿੰਘ ਮਲੂਕਾ ਭਾਸ਼ਾ ਵਿਭਾਗ ਦੇ ਅਧਿਕਾਰੀਆਂ ਦੀ ਹੁਣ ਤਕ ਗਲਤੀ ਮੰਨ ਕੇ ਚੱਲ ਰਹੇ ਹਨ, ਜਦੋਂਕਿ ਭਾਸ਼ਾ ਵਿਭਾਗ ਦੇ ਅਧਿਕਾਰੀ ਵਾਰ-ਵਾਰ ਇਹ ਆਖ ਰਹੇ ਹਨ ਕਿ ਉਨ੍ਹਾਂ ਨੂੰ ਨਾਜਾਇਜ਼ ਤੌਰ 'ਤੇ ਉਲਝਾਇਆ ਜਾ ਰਿਹਾ ਹੈ, ਕਿਉਂਕਿ ਭਾਸ਼ਾ ਵਿਭਾਗ ਵਲੋਂ ਪ੍ਰਕਾਸ਼ਿਤ ਕਿਤਾਬਾਂ ਨੂੰ ਸਕੂਲਾਂ ਲਈ ਖਰੀਦ ਕਰਨ ਵਾਲੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕਰਕੇ ਉਨ੍ਹਾਂ ਖਿਲਾਫ਼ ਵੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਦੂਜੇ ਪਾਸੇ ਮੋਹਾਲੀ, ਰੂਪਨਗਰ ਅਤੇ ਹੁਸ਼ਿਆਰਪੁਰ ਵਿਚ ਕਿਤਾਬਾਂ ਸਪਲਾਈ ਕਰਨ ਵਾਲੇ ਸਪਲਾਇਰਾਂ, ਟੈਂਡਰ ਮੰਗਣ ਵਾਲੀ ਕਮੇਟੀ ਅਤੇ ਖਰੀਦ ਕਮੇਟੀ ਖਿਲਾਫ਼ ਕਾਰਵਾਈ ਕਰਨ ਵਿਚ ਕੋਈ ਗੰਭੀਰਤਾ ਨਹੀਂ ਦਿਖਾਈ ਜਾ ਰਹੀ। ਸਿੱਖਿਆ ਮੰਤਰੀ ਵਲੋਂ ਵਿਵਾਦਿਤ ਕਿਤਾਬ ਮਾਮਲੇ ਵਿਚ ਟੇਢਾ ਰਾਹ ਅਪਣਾਉਣ ਕਾਰਨ ਇਹ ਮਾਮਲਾ ਸੁਲਝਦਾ ਹੋਇਆ ਨਜ਼ਰ ਨਹੀਂ ਆ ਰਿਹਾ। ਸੂਤਰਾਂ ਮੁਤਾਬਕ ਕਿਤਾਬ ਮਾਮਲੇ ਸਬੰਧੀ ਮੁੱਖ ਨੀਤੀਕਰਤਾ ਸਿੱਖਿਆ ਮੰਤਰੀ ਦੇ ਅਧਿਆਪਕ ਤੋਂ ਪੀ. ਏ. ਬਣੇ ਵਿਅਕਤੀ ਦਾ ਮੁੱਖ ਹੱਥ ਹੈ। ਇਸ ਵਿਅਕਤੀ ਦੀ ਹੀ ਨਿੱਜੀ ਸਪਲਾਇਰ ਨਾਲ ਗੰਢਤੁੱਪ ਹੈ ਅਤੇ ਇਹ ਸਪਲਾਇਰ ਵੀ ਰਾਤੋ-ਰਾਤ ਹੀ ਕਿਤਾਬ ਵਿਕਰੇਤਾ ਬਣੇ ਸਨ। ਜੇਕਰ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਵਾਈ ਜਾਵੇ ਤਾਂ ਸਾਰੀ ਗੱਲ ਸਾਹਮਣੇ ਆ ਸਕਦੀ ਹੈ। ਸਕੂਲਾਂ ਵਿਚ ਕਿਤਾਬਾਂ ਦੀ ਸਪਲਾਈ ਦੇ ਮਾਮਲੇ ਵਿਚ ਜ਼ਿਆਦਾਤਰ ਗੜਬੜ ਨਿੱਜੀ ਸਪਲਾਇਰਾਂ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੀ ਗੈਰ-ਜ਼ਿੰਮੇਵਾਰੀ ਕਾਰਨ ਕੀਤੀ ਹੈ। ਇਸ ਕਾਰਨ ਵਿਦਿਆਰਥੀਆਂ ਦੇ ਪੱਧਰ ਦੀਆਂ ਕਿਤਾਬਾਂ ਸਪਲਾਈ ਕਰਨ ਦੀ ਬਜਾਏ ਬਾਲਗਾਂ ਵਾਲੀਆਂ ਕਿਤਾਬਾਂ ਸਕੂਲਾਂ ਵਿਚ ਭੇਜ ਦਿੱਤੀਆਂ। ਇਨ੍ਹਾਂ ਕਿਤਾਬਾਂ 'ਚੋਂ ਕੁਝ ਕਿਤਾਬਾਂ ਤਾਂ ਬਣੀਆਂ ਹੀ ਮਾਪਿਆਂ ਲਈ ਹਨ।
'ਸੱਪ ਤੋਂ ਪਹਿਲਾਂ ਨੇਤਾ ਨੂੰ ਮਾਰੋ'
ਪੰਜਾਬ ਦੇ ਪ੍ਰਾਇਮਰੀ ਸਕੂਲਾਂ ਵਿਚ ਜੋ ਪ੍ਰਾਈਵੇਟ ਸਪਲਾਇਰ ਵਲੋਂ ਕਿਤਾਬਾਂ ਸਪਲਾਈ ਕੀਤੀਆਂ ਗਈਆਂ ਹਨ, ਉਨ੍ਹਾਂ ਵਿਚ ਸਭ ਤੋਂ ਜ਼ਿਆਦਾ ਵਿਵਾਦਾਂ ਵਾਲੀ ਕਿਤਾਬ 'ਮੈਂ ਤੇ ਮੇਰੇ ਗੀਤ' ਹੈ, ਜਿਸਦੇ ਲੇਖਕ ਕੈਨੇਡਾ ਨਿਵਾਸੀ ਗੁਰਮੀਤ ਸਿੰਘ ਸੰਧੂ ਹਨ। ਇਸ ਕਿਤਾਬ ਨੂੰ ਭਾਈ ਚਤਰ ਸਿੰਘ ਭਾਈ ਜੀਵਨ ਸਿੰਘ ਅੰਮ੍ਰਿਤਸਰ ਵਾਲਿਆਂ ਨੇ ਪ੍ਰਕਾਸ਼ਿਤ ਕੀਤਾ ਹੈ। ਇਸ ਕਿਤਾਬ ਦੇ ਪੰਨਾ ਨੰਬਰ 132 'ਤੇ 'ਸੱਪ ਤੋਂ ਪਹਿਲਾਂ ਨੇਤਾ' ਸਿਰਲੇਖ ਵਾਲੀ ਕਵਿਤਾ ਹੈ, ਜਿਸ ਵਿਚ ਲਿਖਿਆ ਗਿਆ ਹੈ ਕਿ 'ਸੱਪ ਜੇ ਡੰਗੇ ਤਾਂ ਫਿਰ ਵੀ ਡੰਗਿਆ ਉਸ ਦਾ ਬਚ ਜਾਂਦਾ, ਨੇਤਾ ਜੀ ਦਾ ਡੰਗਿਆ ਪਲ ਵਿਚ ਦੁਨੀਆ ਛੱਡ ਜਾਂਦਾ। ਚੁੱਪ ਕਰ ਬੈਠੇ ਬਾਬਾ ਜੀ ਕੋਈ ਵਿਚਾਰ ਦਿਓ, ਸੱਪ ਤੋਂ ਪਹਿਲਾਂ ਮਿਲੇ ਨੇਤਾ ਜੇ ਉਸ ਨੂੰ ਮਾਰ ਦਿਓ।' ਇਸ ਕਿਤਾਬ ਵਿਚ ਹੀ 'ਕੁੜੀ ਰੋਹਬ ਨਾਲ ਭਾਈ ਚੱਲੇ, ਕਾਲਜ ਦੇ ਵਿਚ, ਜੀਜਾ ਸਾਲੀ, ਅੱਜ ਪਰਖੀ ਤੇਰੀ ਯਾਰੀ ਨੀ ਆਦਿ ਬੱਚਿਆਂ ਦੇ ਪੱਧਰ ਦੀਆਂ ਕਵਿਤਾਵਾਂ ਨਹੀਂ ਹਨ ਅਤੇ ਇਹ ਕਵਿਤਾਵਾਂ ਸ਼ਰੇਆਮ ਲੱਚਰਤਾ ਪਰੋਸਣ ਵਾਲੀਆਂ ਹਨ। ਇਸ ਕਿਤਾਬ ਦਾ ਇਕ ਹੋਰ ਵਿਵਾਦ ਵੀ ਹੈ ਕਿ ਇਸ ਵਿਚ ਗੁਰੂ ਨਾਨਕ ਦੇਵ ਜੀ, ਭਗਤ ਸਿੰਘ, ਮਹਾਤਮਾ ਗਾਂਧੀ ਆਦਿ ਮਹੱਤਵਪੂਰਨ ਸ਼ਖਸੀਅਤਾਂ ਬਾਰੇ ਕਵਿਤਾਵਾਂ ਲਿਖੀਆਂ ਹੋਈਆਂ ਹਨ ਅਤੇ ਦੂਜੇ ਪਾਸੇ ਅਸ਼ਲੀਲ ਕਵਿਤਾਵਾਂ ਹਨ। ਇਸ ਸਥਿਤੀ ਵਿਚ ਕਵਿਤਾਵਾਂ ਲਿਖਣ ਵਾਲੇ ਤੇ ਪ੍ਰਕਾਸ਼ਕ ਵੀ ਸਵਾਲਾਂ ਦੇ ਘੇਰੇ ਵਿਚ ਘਿਰਦੇ ਦਿਖਾਈ ਦਿੰਦੇ ਹਨ ਕਿ ਆਖਿਰ ਮਿਆਰ ਦੇ ਪੱਖੋਂ ਉਨ੍ਹਾਂ ਕਿਵੇਂ ਅੱਖਾਂ ਬੰਦ ਕਰ ਲਈਆਂ। ਕਿਤਾਬਾਂ ਸਪਲਾਈ ਕਰਨ ਵਾਲੇ ਤਾਂ ਹੁਣ ਕਟਹਿਰੇ ਵਿਚ ਹੀ ਹਨ। ਪ੍ਰਾਇਮਰੀ ਸਕੂਲਾਂ ਵਿਚ ਡਾ. ਜਗਤਾਰ ਕੌਰ ਦੋਸਾਂਝ ਦੀ ਕਿਤਾਬ ਤੁਹਾਡੀ ਸਿਹਤ ਅਤੇ ਜਗਦੀਸ਼ ਸਿੰਘ ਅਤੇ ਭਗਵੰਤ ਜਗਦੀਸ਼ ਸਿੰਘ ਦੀ ਲਿਖੀ ਕਿਤਾਬ ਬੱਚੇ ਦੀ ਸੰਭਾਲ ਅਤੇ ਸਿੱਖਿਆ ਵੀ ਸਪਲਾਈ ਕੀਤੀ ਗਈ ਹੈ। ਇਨ੍ਹਾਂ ਕਿਤਾਬਾਂ ਵਿਚ ਬਾਂਝਪਣ, ਬੱਚਿਆਂ ਦੀਆਂ ਬੀਮਾਰੀਆਂ, ਗਰਭਵਤੀ ਔਰਤਾਂ ਅਤੇ ਬੱਚਿਆਂ ਦੀ ਖੁਰਾਕ ਆਦਿ ਬਾਰੇ ਲਿਖਿਆ ਹੋਇਆ ਹੈ, ਜਿਹੜਾ ਕਿ ਬੱਚਿਆਂ ਦੀ ਬਜਾਏ ਉਨ੍ਹਾਂ ਦੇ ਮਾਪਿਆਂ ਦੇ ਪੜ੍ਹਨਯੋਗ ਹੈ। ਸਰਕਾਰੀ ਸਕੂਲਾਂ ਵਿਚ ਅਜਿਹੀਆਂ ਕਿਤਾਬਾਂ ਵੰਡ ਕੇ ਸਿੱਖਿਆ ਵਿਭਾਗ ਵਿਦਿਆਰਥੀਆਂ ਨੂੰ ਕਿਹੜਾ ਗਿਆਨ ਵੰਡਣ ਦੀ ਤਿਆਰੀ ਵਿਚ ਹੈ, ਇਹ ਹਰ ਕਿਸੇ ਦੀ ਸਮਝ ਤੋਂ ਪਰ੍ਹੇ ਹੈ।

0 comments: