copyright reserved shabadm 2017. Powered by Blogger.

Sunday, March 31, 2013

ਅਮਰੀਕੀ ਵਫ਼ਦ ਦੀ ਗੁਜਰਾਤ ਫੇਰੀ ਵਿਵਾਦਾਂ 'ਚ

ਅਮਰੀਕੀ ਸੰਸਦ ਮੈਂਬਰਾਂ ਦੀ ਤਾਜ਼ਾ ਗੁਜਰਾਤ ਫੇਰੀ ਵਿਵਾਦਾਂ 'ਚ ਘਿਰ ਗਈ ਹੈ। ਸ਼ਿਕਾਗੋ ਦੇ ਅਖ਼ਬਾਰ 'ਹਾਈ ਇੰਡੀਆ' ਨੇ ਦਾਅਵਾ ਕੀਤਾ ਹੈ ਕਿ ਅਮਰੀਕੀ ਸੰਸਦ ਮੈਂਬਰਾਂ ਤੋਂ ਇਸ ਫੇਰੀ ਲਈ ਪੈਸੇ ਲਏ ਗਏ ਸਨ।  ਕਿਹਾ ਗਿਆ ਹੈ ਕਿ ਅਮਰੀਕੀ ਵਫ਼ਦ ਜਿਸ 'ਚ ਤਿੰਨ ਰਿਪਬਲਿਕਨ ਸੰਸਦ ਮੈਂਬਰ ਵੀ ਸਨ, ਦੇ ਮੈਂਬਰਾਂ ਨੇ ਇਸ ਫੇਰੀ ਲਈ 1.62 ਲੱਖ ਤੋਂ ਲੈ ਕੇ 8.68 ਲੱਖ ਰੁਪਏ ਤਕ ਅਦਾ ਕੀਤੇ। ਇਹ ਫੇਰੀ ਸ਼ਿਕਾਗੋ ਦੀ ਨੈਸ਼ਨਲ ਇੰਡੀਅਨ ਅਮਰੀਕਨ ਪਬਲਿਕ ਪਾਲਸੀ ਇੰਸਟੀਚਿਊਟ ਨੇ ਕਰਵਾਈ ਸੀ। ਰੀਪੋਰਟ ਮੁਤਾਬਕ ਇਸ ਸੰਸਥਾ ਨੇ ਵਫ਼ਦ ਦੀ ਫੇਰੀ ਲਈ ਮੈਂਬਰਾਂ ਤੋਂ ਕਰੀਬ ਡੇਢ ਲੱਖ ਤੋਂ 8 ਲੱਖ ਰੁਪਏ ਪ੍ਰਤੀ ਵਿਅਕਤੀ ਲਏ। ਇਸ ਫੇਰੀ ਸਬੰਧੀ ਅਮਰੀਕੀ-ਭਾਰਤੀ ਲੋਕਾਂ ਲਈ ਇਸ਼ਤਿਹਾਰ ਵੀ ਕੱਢੇ ਗਏ। ਇਸ ਸੰਸਥਾ ਦਾ ਬਾਨੀ ਸ਼ਿਕਾਗੋ ਦਾ ਉਦਯੋਗਪਤੀ ਸ਼ਲਭ ਕੁਮਾਰ ਹੈ। ਵਫ਼ਦ ਜਿਸ ਵਿਚ ਅਮਰੀਕੀ ਸੰਸਦ ਮੈਂਬਰ ਅਤੇ ਉਦਯੋਗਪਤੀ ਸ਼ਾਮਲ ਹਨ ਅਤੇ ਜੋ ਇਸ ਵੇਲੇ ਭਾਰਤ ਵਿਚ ਹੀ ਹੈ, ਨੇ ਵੀਰਵਾਰ ਨੂੰ ਮੋਦੀ ਨੂੰ ਮਿਲ ਕੇ ਉਸ ਦੇ ਕੰਮ ਦੇ ਸੋਹਲੇ ਗਾਏ ਅਤੇ ਕਿਹਾ ਕਿ ਉਹ ਉਸ ਨੂੰ ਅਮਰੀਕਾ ਵਾਸਤੇ ਵੀਜ਼ਾ ਵੀ ਦਿਵਾਉਣਗੇ। 2002 ਦੇ ਗੋਧਰਾ ਮਗਰਲੇ ਦੰਗਿਆਂ 'ਚ ਰੋਲ ਨਿਭਾਉਣ ਲਈ ਮੋਦੀ ਨੂੰ ਅਮਰੀਕਾ ਨੇ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਹੋਇਆ ਹੈ। ਇਸ ਫੇਰੀ ਸਬੰਧੀ ਤਾਜ਼ਾ ਪ੍ਰਗਟਾਵਿਆਂ ਦੀ ਰੀਪੋਰਟ ਛਪਣ ਤੋਂ ਬਾਅਦ ਕਾਂਗਰਸ ਅਤੇ ਭਾਜਪਾ 'ਚ ਸ਼ਬਦੀ ਜੰਗ ਛਿੜ ਗਈ ਹੈ। ਕਾਂਗਰਸ ਦੇ ਬੁਲਾਰੇ ਰਾਸ਼ਿਦ ਅਲਵੀ ਨੇ ਕਿਹਾ ਕਿ ਸ਼ਰਮ ਦੀ ਗੱਲ ਹੈ ਕਿ ਮੋਦੀ ਨੂੰ ਵਿਕਾਸ ਦਾ ਸਰਟੀਫ਼ਿਕੇਟ ਅਤੇ ਵੀਜ਼ਾ ਦਿਵਾਉਣ ਲਈ ਸੰਸਦ ਮੈਂਬਰਾਂ ਨੂੰ ਪੈਸੇ ਦਿਤੇ ਗਏ ਸਨ। ਓਵਰਸੀਜ਼ ਭਾਜਪਾ ਦੇ ਕਨਵੀਨਰ ਵਿਜੇ ਜੌਲੀ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਸੰਸਦ ਮੈਂਬਰਾਂ ਨੇ ਅਪਣਾ ਪੈਸਾ ਖ਼ਰਚਿਆ ਹੈ ਅਤੇ ਇਸ ਮਾਮਲੇ 'ਚ ਕੋਈ ਬੇਨਿਯਮੀ ਨਹੀਂ ਹੋਈ। ਵਫ਼ਦ ਦੇ ਮੈਂਬਰ ਅਤੇ ਸੰਸਦ ਮੈਂਬਰ ਐਰੋਨ ਸ਼ੌਕ ਦਾ ਕਹਿਣਾ ਹੈ ਕਿ ਸਾਡੀ ਸਰਕਾਰ ਦੇ ਸਮਰੱਥ ਅਧਿਕਾਰੀਆਂ ਨੇ ਇਸ ਫੇਰੀ ਦੀ ਪ੍ਰਵਾਨਗੀ ਦਿਤੀ ਸੀ। ਉਨ੍ਹਾਂ ਕਿਹਾ ਕਿ ਇਹ ਦੌਰਾ ਸਾਰੇ ਨਿਯਮਾਂ ਦੀ ਪਾਲਣਾ ਕਰਦਿਆਂ ਕੀਤਾ ਗਿਆ। ਅਲਵੀ ਨੇ ਕਿਹਾ ਕਿ ਇਸ ਤਰ੍ਹਾਂ ਦੀ ਖ਼ਬਰ ਸੁਣ ਕੇ ਸ਼ਰਮ ਆਉਂਦੀ ਹੈ। ਇਹ ਦੇਸ਼ ਦੀ ਬੇਇੱਜ਼ਤੀ ਹੈ। ਮੋਦੀ  ਨੇ ਅਪਣੀ ਤਾਰੀਫ਼ ਕਰਾਉਣ ਲਈ ਸੰਸਦ ਮੈਂਬਰਾਂ ਨੂੰ 9-9 ਲੱਖ ਰੁਪਏ ਦਿਤੇ ਤਾਕਿ ਅਮਰੀਕਾ ਮੋਦੀ ਨੂੰ ਵੀਜ਼ਾ ਅਤੇ ਵਿਕਾਸ ਦਾ ਸਰਟੀਫ਼ਿਕੇਟ ਦੇ ਸਕੇ। ਉਨ੍ਹਾਂ ਕਿਹਾ ਕਿ ਜੇ ਇਹ ਪੈਸਾ ਗੁਜਰਾਤ ਦੇ ਗ਼ਰੀਬਾਂ ਅਤੇ ਵਿਕਾਸ ਲਈ ਖ਼ਰਚਿਆ ਜਾਂਦਾ ਤਾਂ ਬਿਹਤਰ ਹੁੰਦਾ। ਜੌਲੀ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਬਿਲਕੁਲ ਵੀ ਕੋਈ ਵਿਵਾਦ ਨਹੀਂ, ਅਮਰੀਕਾ 'ਚ ਤਾਂ ਲੋਕ ਰਾਸ਼ਟਰਪਤੀ ਨਾਲ ਰਾਤ ਦਾ ਖਾਣਾ ਖਾਣ ਲਈ ਵੀ ਪੈਸੇ ਦਿੰਦੇ ਹਨ। ਉਨ੍ਹਾਂ ਕਿਹਾ ਕਿ ਅਮਰੀਕੀ ਕਾਰੋਬਾਰੀ ਭਾਰਤ ਆਉਣਾ ਚਾਹੁੰਦੇ ਸਨ, ਉਨ੍ਹਾਂ ਅਪਣੇ ਪੈਸੇ ਖ਼ਰਚੇ। ਉਹ ਨਰਿੰਦਰ ਮੋਦੀ ਦੇ ਰਾਜ ਪ੍ਰਬੰਧ ਤੋਂ ਪ੍ਰਭਾਵਤ ਸਨ। ਗੁਜਰਾਤ ਕਾਂਗਰਸ ਦੇ ਪ੍ਰਧਾਨ ਅਰਜਨ ਮੋਦਬਾਡੀਆ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦਾ ਪ੍ਰਭਾਵ ਸਿਰਜਿਆ ਗਿਆ ਕਿ ਇਹ ਅਮਰੀਕਾ ਦਾ ਸਰਕਾਰੀ ਵਫ਼ਦ ਸੀ ਅਤੇ ਅਮਰੀਕੀ ਸਰਕਾਰ ਨੇ ਖ਼ੁਦ ਮੋਦੀ ਨੂੰ ਅਮਰੀਕਾ ਆਉਣ ਦਾ ਸੱਦਾ ਦਿਤਾ ਹੈ। ਉਨ੍ਹਾਂ ਕਿਹਾ ਕਿ ਵਫ਼ਦ ਨੂੰ ਰਿਸ਼ਵਤ ਦੇ ਕੇ ਮੋਦੀ ਦੀ ਸ਼ਲਾਘਾ ਕਰਵਾਈ ਗਈ।

0 comments: