copyright reserved shabadm 2020. Powered by Blogger.

Thursday, January 8, 2009

ਨਜ਼ਮ

ਪੇਸ਼ੇ ਵਜੋਂ ਅਧਿਆਪਕ ਰਾਕੇਸ਼ ਆਨੰਦ ਕਵਿਤਾ ਲਿਖਦਾ ਹੈ। ਅਰਥ ਸ਼ਾਸਤਰ ਬਾਰੇ ਡੂੰਘੀ ਸੋਝੀ ਰੱਖਦਾ ਹੈ ਅਤੇ ਚੰਗੇ ਸਾਹਿਤ ਦਾ ਰਸੀਆ ਹੈ । ਪਿਛਲੇ ਕਈ ਸਾਲ ਤੋਂ ਪੱਤਰਕਾਰੀ ਨਾਲ ਵੀ ਜੁੜਿਆ ਰਿਹਾ ਹੈ। ਪੇਸ਼ ਹੈ ਰਕੇਸ਼ ਅਨੰਦ ਦੀ ਨਵੀਂ ਰਚਨਾ...
----
ਮੇਰੀ ਕਵਿਤਾ
----
ਮੇਰੀ ਕਵਿਤਾ
ਐਸ਼ਵਰਿਆ ਰਾਏ ਦੇ ਨੀਲੇ ਬਲੌਰੀ ਨੈਣ ਨਹੀਂ
ਤੇ ਨਾ ਹੀ
ਪ੍ਰਿੰਟੀ ਜ਼ਿੰਟਾ ਦੀਆਂ ਸੁਰਖ ਗੱਲਾਂ ਦੇ ਟੋਏ
ਵਾਸਤਾ ਇਹਦਾ ਮਿਸ ਇੰਡੀਆ ਦੀ ਕੈਟਵਾਕ ਨਾਲ ਵੀ ਕੋਈ ਨੀ
ਤੇ ਕੀ ਲੈਣਾ ਇਹਨੇ
ਸੱਤਾ ਦੀ ਟੀਸੀ ਤੇ ਕਾਬਜ਼ ਸੋਨੀਆ ਤੋਂ
ਮੇਰੀ ਕਵਿਤਾ...?
ਮੇਰੀ ਕਵਿਤਾ ਤਾਂ
ਫੁੱਟਬਾਲ ਸਿਊਂਦੀ ਸੁਮਨ ਏਂ
ਜੀਹਦੇ ਗੋਡੇ ਹੋ ਚੁੱਕੇ ਨੇ ਵਿੰਗੇ
ਬਹਿ ਬਹਿ ਫੱਟੀ 'ਤੇ
ਜੀਹਦੇ ਕੋਮਲ ਪੋਟੇ
ਹੋ ਗਏ ਨੇ ਛੱਲਣੀ ਲੱਗ ਲੱਗ ਸੂਈਆਂ
ਪਰ ਹਿੰਮਤ ਅਜੇ ਵੀ ਰੱਖਦੀ ਹੈ ਉਹ
ਜੂਝਣ ਦੀ
ਕਲਮ ਉਠਾਣ ਦੀ ।
...
ਮੇਰੀ ਕਵਿਤਾ
ਏ.ਸੀ. 'ਚ ਤੰਬੋਲਾ ਖੇਡਦੀਆਂ ਰੰਨਾਂ ਨਹੀਂ
ਨਾ ਹੀ ਇਹ ਗਹਿਣਿਆਂ ਨਾਲ ਲੱਦੀਆਂ ਸਠਾਣੀਆਂ
ਹੈ ਇਸ 'ਚ
ਚਾਈਨੀਜ਼ ਫੂਡ ਨਾਲ ਮਸਤੀਆਂ ਨੱਡੀਆਂ ਲਈ ਵੀ ਕੁਝ ਨਹੀਂ
ਮੇਰੀ ਕਵਿਤਾ ...?
ਇਹ ਤਾਂ ਨੰਗੇ ਸਿਰ ਵੱਗ ਦਾ
ਗੋਹਾ ਢੋਂਦੀ ਰਾਣੋ ਏਂ
ਜੀਹਦੇ ਤਾਲੂ 'ਚ ਪੈ ਗਏ ਨੇ ਟੋਏ
ਤੇ ਜੀਹਦੀ ਮਾਂ ਜਿਹੀ ਸੱਸ
ਹੱਕਦੀ ਏ ਉਹਨੂੰ ਪਰਾਣੀ ਨਾਲ ਜਾਨਵਰਾਂ ਵਾਂਗ
ਤੇ ਖਸਮ ਜੀਹਦਾ ਕੋਂਹਦਾ ਹੈ ਬਿਨਾਂ ਨਾਗਾ ਹੋ ਸ਼ਰਾਬੀ
ਤੇ ਮਿਲਦੀ ਹੈ ਜਿਸਨੂੰ
ਰੋਟੀ ਦੇ ਨਾਮ ਤੇ ਜ਼ਲਾਲਤ
...
ਮੇਰੀ ਕਵਿਤਾ
ਖਾ-ਖਾ ਗੋਸ਼ਤ,ਗੋਗੜ ਕਮਾਈ ,ਡੱਡੂ ਮੂੰਹੇਂ ਲੀਡਰ ਨਹੀਂ
ਨਾ ਹੀ ਆ ਇਹ
ਸਪੋਲਿਆਂ ਜਿਹੇ ਉਨ੍ਹਾਂ ਦੇ ਪੁੱਤ
ਇਹ ਤਾਂ
ਢਾਬੇ ਤੇ ਜੂਠੇ ਭਾਂਡੇ ਮਾਂਜਦੇ ਛੋਟੂ ਦਾ ਬਚਪਨ ਏਂ
ਤੇ ਨਾਲ ਹੀ ਆ ਇਹ
ਉਹਦੇ ਲਾਚਾਰ ਮਾਪਿਆਂ ਦੀ ਸਦੀਆਂ ਦੀ ਭੁੱਖ
ਮੇਰੀ ਕਵਿਤਾ ਤਾਂ
ਮਿੰਦੇ ਰਿਕਸ਼ੇ ਵਾਲੇ ਦੀਆਂ ਲੱਤਾਂ ਦੀਆਂ ਖੱਲੀਆਂ ਨੇ
ਤੇ ਹੈ ਫੀਸ ਖੁਣੋਂ ਮਾਰ ਖਾਂਦੇ ਉਹਦੇ ਜਵਾਕਾਂ ਦੀਆਂ ਲੇਲੜੀਆਂ
...
ਮੇਰੀ ਕਵਿਤਾ
ਥ੍ਰੀ-ਪੀਸ ਜਾਂ ਸਫਾਰੀ ਸੂਟ ਨਹੀਂ
ਤੇ ਨਾ ਹੀ ਇਸ 'ਚ
ਦਾਰੂ ਜਿਹਾ ਨਸ਼ਾ ਜਾਂ ਖੁਮਾਰੀ
ਮੇਰੀ ਕਵਿਤਾ ਹੈ
ਦੇਬੇ ਜੁਲਾਹੇ ਦਾ ਲੀਰਾਂ ਲੀਰਾਂ ਹੋਇਆ ਜਾਂਘੀਆ
ਤੇ ਹੈ
ਚਾਰ ਦਿਨਾਂ ਤੋਂ ਕਬਰ ਜਿਹੀ ਫੈਕਟਰੀ 'ਚ
ਡਬਲ ਸ਼ਿਫਟ ਲਗਾਉਂਦੇ
ਸੇਵੇ ਮਜ਼ਦੂਰ ਦੀਆਂ ਅੱਖਾਂ ਦਾ ਉਨੀਂਦਰਾ...
ਤੇ ਅਜਿਹਾ ਪਤਾ ਨਹੀਂ
ਕੀ ਕੀ.........
ਰਾਕੇਸ਼ ਆਨੰਦ
rkanand1@gmail.com

3 comments:

ਤਨਦੀਪ 'ਤਮੰਨਾ' said...

ਬਹੁਤ ਖ਼ੂਬ ਰਾਕੇਸ਼ ਜੀ! ਕਮਾਲ ਦੀ ਨਜ਼ਮ ਹੈ...ਵਧਾਈਆਂ। ਸ਼ਬਦ ਮੰਡਲ ਦੀ ਨਵੀਂ ਦਿੱਖ ਖ਼ੂਬਸੂਰਤ ਬਣਦੀ ਜਾ ਰਹੀ ਹੈ...ਬਹੁਤ ਬਹੁਤ ਮੁਬਾਰਕਾਂ ਦੋਸਤੋ!
ਤਮੰਨਾ
ਕੈਨੇਡਾ

मोहन वशिष्‍ठ said...

ਬਹੁਤ ਖ਼ੂਬ ਰਾਕੇਸ਼ ਜੀ! ਬਹੁਤ ਬਹੁਤ ਮੁਬਾਰਕਾਂ

Jasvir Hussain said...

ਕਾਫੀ ਦੇਰ ਬਾਅਦ ਰਕੇਸ਼ ਆਨੰਦ ਦੀ ਕਵਿਤਾ ਬਲਾਗ ਤੇ ਆਈ ਏ ....ਪੜ੍ਹ ਕੇ ਮਨ ਕਾਫੀ ਪ੍ਰਸੰਨ ਹੋਇਆ....